ਤਰਨ ਤਾਰਨ ’ਚ 60 ਫੀਸਦੀ ਤੋਂ ਵੱਧ ਪੋਲਿੰਗ

0
115

ਤਰਨ ਤਾਰਨ (ਪਿ੍ਰਤਪਾਲ ਸਿੰਘ)
ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਵੋਟਿੰਗ ਮੰਗਲਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋਈ ਤੇ 60.95 ਫੀਸਦੀ ਮਤਦਾਨ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਇਹ ਸ਼ਾਮ 6 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ। ਸ਼ਾਮ 5 ਵਜੇ ਤੱਕ 59.21 ਫੀਸਦੀ ਪੋਲਿੰਗ ਦਰਜ ਕੀਤੀ ਗਈ। ਪੋਲਿੰਗ ਲਈ ਲੋਕਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕ ਸਵੇਰੇ 7 ਵਜੇ ਤੋਂ ਪਹਿਲਾਂ ਹੀ ਪੋਲਿੰਗ ਸਟੇਸ਼ਨਾਂ ਅੰਦਰ ਆ ਗਏ।
ਤਰਨ ਤਾਰਨ ਵਿਧਾਨ ਸਭਾ ਸੀਟ ਜੂਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਜ਼ਿਮਨੀ ਚੋਣ ਦੌਰਾਨ ਬਹੁ-ਕੋਣਾ ਮੁਕਾਬਲਾ ਦੇਖਣ ਨੂੰ ਮਿਲਣ ਵਾਲਾ ਹੈ। ਚੋਣ ਮੈਦਾਨ ਵਿੱਚ ਕੁੱਲ 15 ਉਮੀਦਵਾਰ ਹਨ। ਯੋਗ ਵੋਟਰਾਂ ਦੀ ਗਿਣਤੀ 1,92,838 ਹੈ, ਜਿਨ੍ਹਾਂ ਵਿਚ 1,00,933 ਪੁਰਸ਼, 91,897 ਔਰਤਾਂ ਅਤੇ ਅੱਠ ਤੀਜੇ ਲਿੰਗ ਨਾਲ ਸੰਬੰਧਤ ਹਨ। ਆਪ’ ਨੇ ਤਰਨ ਤਾਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਇਸ ਸਾਲ ਜੁਲਾਈ ਵਿੱਚ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਜ਼ਿਮਨੀ ਚੋਣ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਆਗੂਆਂ ਲਈ ਇੱਕ ਅਜ਼ਮਾਇਸ਼ ਵਜੋਂ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਇਸ ਸੀਟ ਨੂੰ ਬਰਕਰਾਰ ਰੱਖਣ ਲਈ ਹਮਲਾਵਰ ਢੰਗ ਨਾਲ ਪ੍ਰਚਾਰ ਕੀਤਾ।
ਉਧਰ ਕਾਂਗਰਸ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਹੈ। ਪਾਰਟੀ ਨੇ ਆਪਣੀ ਤਰਨ ਤਾਰਨ ਜ਼ਿਲ੍ਹਾ ਇਕਾਈ ਦੇ ਮੁਖੀ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਨੇ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਇਹ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੀ ਓਨੀ ਹੀ ਅਹਿਮ ਹੈ। ਉਨ੍ਹਾ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਮਿਲ ਕੇ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਲਈ ਜ਼ੋਰਦਾਰ ਢੰਗ ਨਾਲ ਪ੍ਰਚਾਰ ਕੀਤਾ। ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਵੀ ਹੈ, ਜੋ ਕਿ ਸੰਦੀਪ ਸਿੰਘ ਉਰਫ਼ ਸੰਨੀ ਦਾ ਭਰਾ ਹੈ, ਜੋ 2022 ਵਿੱਚ ਸ਼ਿਵ ਸੈਨਾ (ਟਕਸਾਲੀ) ਦੇ ਨੇਤਾ ਸੁਧੀਰ ਸੂਰੀ ਦੇ ਕਤਲ ਦਾ ਦੋਸ਼ੀ ਹੈ। ਮਨਦੀਪ ਸਿੰਘ ਨੂੰ ਖਡੂਰ ਸਾਹਿਬ ਤੋਂ ਐੱਮ ਪੀ ਤੇ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮਿ੍ਰਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ), ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਅਤੇ ਸਿੱਖ ਯੂਥ ਫੈਡਰੇਸ਼ਨ (ਭਿੰਡਰਾਂਵਾਲਾ) ਸਮੇਤ ਕੁਝ ਕੱਟੜਪੰਥੀ ਸਿੱਖ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ।