ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਗ੍ਰਾਮ ਪੰਚਾਇਤ ਮਨਾਵਾ ਦੀ ਜ਼ਮੀਨ ਚਕੌਤੇ ਉਤੇ ਦੇਣ ਸੰਬੰਧੀ ਪਿਛਲੇ ਦੋ ਸਾਲਾਂ ਵਿੱਚ ਚਕੌਤੇ ਦੀ ਰਕਮ 8,85,000 ਰੁਪਏ ਘੱਟ ਵਸੂਲੀ ਦਿਖਾ ਕੇ ਪੰਚਾਇਤੀ ਫੰਡਾਂ ਵਿੱਚ ਫਰਾਡ ਅਤੇ ਗਬਨ ਕਰਨ ਦੇ ਦੋਸ਼ਾਂ ਤਹਿਤ ਤੱਤਕਾਲੀ ਬੀ.ਡੀ.ਪੀ.ਓ. ਸਮੇਤ ਤਿੰਨ ਪੰਚਾਇਤ ਸਕੱਤਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਦੋ ਪੰਚਾਇਤ ਸਕੱਤਰਾਂ ਨੂੰ ਗਿ੍ਰਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਿਊਰੋ ਨੇ ਲਾਲ ਸਿੰਘ, ਐਸ.ਈ.ਪੀ.ਓ., ਚਾਰਜ ਬੀ.ਡੀ.ਪੀ.ਓ. ਵਲਟੋਹਾ, ਗਰਾਮ ਪੰਚਾਇਤ ਮਨਾਵਾ ਦੇ ਪੰਚਾਇਤ ਸਕੱਤਰ ਰਾਜਬੀਰ ਸਿੰਘ, ਗ੍ਰਾਮ ਵਿਕਾਸ ਅਫਸਰਾਂ (ਵੀ.ਡੀ.ਓ.) ਪਰਮਜੀਤ ਸਿੰਘ ਅਤੇ ਸਾਰਜ ਸਿੰਘ ਖਿਲਾਫ ਮੁਕੱਦਮਾ ਨੰਬਰ 16, ਮਿਤੀ 14.09.2022, ਜੁਰਮ ਅਧੀਨ ਧਾਰਾ 406, 409, 420, 468, 471 ਅਤੇ 120-ਬੀ, ਆਈ.ਪੀ.ਸੀ. ਅਤੇ 13(1) (ਏ), 13 (2) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ, ਅੰਮਿ੍ਰਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੁਕੱਦਮੇ ਵਿੱਚ ਪੰਚਾਇਤ ਸਕੱਤਰ ਰਾਜਬੀਰ ਸਿੰਘ ਤੇ ਵੀ.ਡੀ.ਓ. ਪਰਮਜੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਬੁਲਾਰੇ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਚਾਇਤ ਮਨਾਵਾ, ਬਲਾਕ ਵਲਟੋਹਾ ਵੱਲੋਂ ਸਾਲ 2019-20 ਵਿੱਚ ਪੰਚਾਇਤ ਦੀ 24 ਏਕੜ 07 ਕਨਾਲ 09 ਮਰਲੇ ਜ਼ਮੀਨ ਚਕੌਤੇਦਾਰਾਂ ਨੂੰ 7,35,000 ਰੁਪਏ ਵਿੱਚ ਦੇ ਕੇ ਚਕੌਤੇ ਦੀ ਪ੍ਰਾਪਤ ਇਹ ਰਕਮ ਗ੍ਰਾਮ ਪੰਚਾਇਤ ਮਨਾਵਾ ਦੇ ਬੈਂਕ ਖਾਤੇ ਵਿੱਚ ਅੱਜ ਤੱਕ ਵੀ ਜਮ੍ਹਾਂ ਨਹੀਂ ਕਰਵਾਈ ਗਈ। ਇਸ ਤੋਂ ਇਲਾਵਾ ਲਾਲ ਸਿੰਘ, ਐੱਸ.ਈ.ਪੀ.ਓ. ਚਾਰਜ ਬੀ.ਡੀ.ਪੀ.ਓ. ਬਤੌਰ ਪ੍ਰਬੰਧਕ ਅਤੇ ਰਾਜਬੀਰ ਸਿੰਘ ਪੰਚਾਇਤ ਸਕੱਤਰ ਵੱਲੋਂ ਹਾਈਕੋਰਟ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਮੀਨ ਦੀ ਬੋਲੀ ਨਾ ਕਰਵਾ ਕੇ ਉਕਤ ਜ਼ਮੀਨ ਦੀ ਬੋਲੀ ਨੂੰ ਮੁਬਲਗ 7,35,000 ਰੁਪਏ ਦੇ ਮੁਕਾਬਲੇ ਆਪਣੀ ਮਨਮਰਜ਼ੀ ਦੀ ਕੀਮਤ ਉਤੇ ਆਪਣੇ ਚਹੇਤਿਆਂ ਨੂੰ ਸਾਲ 2020-21 ਅਤੇ ਸਾਲ 2021-22 ਵਿੱਚ ਕ੍ਰਮਵਾਰ ਮੁਬਲਗ 3,35,000 ਰੁਪਏ ਅਤੇ 2,50,000 ਰੁਪਏ ਵਿੱਚ ਘੱਟ ਕੀਮਤ ਉਪਰ ਦੇ ਦਿੱਤੀ। ਇਸ ਤਰ੍ਹਾਂ ਇਨ੍ਹਾਂ ਪੰਚਾਇਤ ਮੁਲਾਜ਼ਮਾਂ ਨੇ ਦੋ ਸਾਲਾਂ ਵਿੱਚ ਚਕੌਤੇ ਦੀ ਰਕਮ 8,85,000 ਰੁਪਏ ਦੀ ਘੱਟ ਵਸੂਲੀ ਦਿਖਾ ਕੇ ਪੰਚਾਇਤ ਦੇ ਫੰਡਾਂ ਵਿੱਚ ਇਹ ਫਰਾਡ ਅਤੇ ਗਬਨ ਕੀਤਾ ਗਿਆ, ਜਿਸ ਕਰਕੇ ਇਹਨਾਂ ਦੋਸ਼ੀਆਂ ਵਿਰੁੱਧ ਮੁਕੱਦਮਾ ਫੌਜਦਾਰੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।




