ਦਿੱਲੀ ਧਮਾਕੇ ਦੇ ਮਾਮਲੇ ’ਚ ਪਠਾਨਕੋਟ ਤੋਂ 45 ਸਾਲਾ ਡਾਕਟਰ ਗਿ੍ਰਫਤਾਰ

0
91

ਚੰਡੀਗੜ੍ਹ : ਦਿੱਲੀ ਧਮਾਕੇ ਦੇ ਸੰਬੰਧ ਵਿੱਚ ਜਾਂਚ ਏਜੰਸੀਆਂ ਨੇ ਪੰਜਾਬ ਦੇ ਪਠਾਨਕੋਟ ਤੋਂ ਇੱਕ ਡਾਕਟਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ 45 ਸਾਲਾ ਸਰਜਨ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪਠਾਨਕੋਟ ਦੇ ਇੱਕ ਨਿੱਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੰਮ ਕਰ ਰਿਹਾ ਹੈ। ਸੂਤਰਾਂ ਨੇ ਅੱਗੇ ਦੱਸਿਆ ਕਿ ਉਸ ਨੇ ਪਹਿਲਾਂ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਸਥਿਤ ਅਲ ਫਲਾਹ ਯੂਨੀਵਰਸਿਟੀ ਵਿੱਚ ਵੀ ਕੰਮ ਕੀਤਾ ਸੀ, ਜਿਸ ਨਾਲ ‘ਵਾਈਟ ਕਾਲਰ ਅੱਤਵਾਦੀ ਮਾਡਿਊਲ’ ਕੇਸ ਦੇ ਮੁੱਖ ਸ਼ੱਕੀ ਵੀ ਜੁੜੇ ਹੋਏ ਸਨ। ਸ਼ੁੱਕਰਵਾਰ ਨੂੰ ਇਸ ਕੇਸ ਦੇ ਸੰਬੰਧ ਵਿੱਚ ਹਰਿਆਣਾ ਦੇ ਨੂਹ ਜ਼ਿਲ੍ਹੇ ਨਾਲ ਸੰਬੰਧਤ ਦੋ ਡਾਕਟਰਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਡਾਕਟਰਾਂ ਵਿੱਚੋਂ ਇੱਕ ਨੇ ਆਪਣਾ ਐੱਮ ਬੀ ਬੀ ਐੱਸ ਕੋਰਸ ਪੂਰਾ ਕਰਨ ਤੋਂ ਬਾਅਦ ਅਲ ਫਲਾਹ ਯੂਨੀਵਰਸਿਟੀ ਵਿੱਚ ਆਪਣੀ ਅਪ੍ਰੈਂਟਿਸਸ਼ਿਪ ਕੀਤੀ ਸੀ ਅਤੇ ਉਸ ਦੀ ਅਪ੍ਰੈਂਟਿਸਸ਼ਿਪ 2 ਨਵੰਬਰ ਨੂੰ ਖਤਮ ਹੋ ਗਈ ਸੀ। ਜਾਰੀ ਜਾਂਚ ਦੌਰਾਨ ਏਜੰਸੀਆਂ ਨੇ ਕਈ ਹੋਰਾਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਪਾਇਆ ਹੈ ਕਿ ਮੁੱਖ ਸ਼ੱਕੀਆਂ ਨੇ ਅੱਤਵਾਦੀ ਸਾਜ਼ਿਸ਼ ਨਾਲ ਸੰਬੰਧਤ ਆਪਣੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਤਾਲਮੇਲ ਕਰਨ ਲਈ ਸਵਿਟਜ਼ਰਲੈਂਡ-ਅਧਾਰਤ ਇੱਕ ਐਨਕਿ੍ਰਪਟਡ ਮੈਸੇਜਿੰਗ ਐਪ ਦੀ ਵਰਤੋਂ ਕੀਤੀ ਸੀ। ਸੂਤਰਾਂ ਅਨੁਸਾਰ ਕੌਮੀ ਜਾਂਚ ਏਜੰਸੀ ਦੀ ਟੀਮ ਦੀ ਮਦਦ ਨਾਲ ਸਪੈਸ਼ਲ ਸੈੱਲ ਨੇ ਨੂਹ ਤੋਂ ਅਲ ਫਲਾਹ ਯੂਨੀਵਰਸਿਟੀ ਦੇ ਦੋ ਡਾਕਟਰਾਂ ਮੁਹੰਮਦ ਅਤੇ ਮੁਸਤਕੀਮ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਕਥਿਤ ਤੌਰ ’ਤੇ ਇਹ ਦੋਵੇਂ ਡਾ. ਮੁਜ਼ੰਮਿਲ ਗਨਈ ਦੇ ਸੰਪਰਕ ਵਿੱਚ ਸਨ। ਇਹ ਡਾ. ਉਮਰ ਨਬੀ ਦੇ ਵੀ ਕਰੀਬੀ ਦੋਸਤ ਸਨ।