ਬੀ ਬੀ ਐੱਮ ਬੀ ਲਈ ਵੱਖਰਾ ਕਾਡਰ ਬਣਾਉਣ ਸਮੇਤ ਅਹਿਮ ਫੈਸਲੇ

0
123

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਆਨੰਦਪੁਰ ਸਾਹਿਬ ’ਚ 24 ਨੂੰ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਸ਼ਨੀਵਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੁਲਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਇੱਥੇ ਹੋਈ ਕੈਬਨਿਟ ਮੀਟਿੰਗ ’ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਬਾਹਰ ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਨਵੰਬਰ ਨੂੰ ਵਿਸ਼ੇਸ਼ ਸੈਸ਼ਨ ਸੱਦਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸੈਸ਼ਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਉਨ੍ਹਾ ਦੀਆਂ ਸਿੱਖਿਆਵਾਂ ’ਤੇ ਕੇਂਦਰਤ ਹੋਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ’ਚ ਲਏ ਫ਼ੈਸਲਿਆਂ ਤੋਂ ਜਾਣੂ ਕਰਾਇਆ। ਕੈਬਨਿਟ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਕਰੀਬ ਤਿੰਨ ਹਜ਼ਾਰ ਮੁਲਾਜ਼ਮਾਂ ਦਾ ਵੱਖਰਾ ਕਾਡਰ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ, ਜਿਸ ਤਹਿਤ ਪਾਵਰਕਾਮ ਅਤੇ ਸਿੰਜਾਈ ਮਹਿਕਮੇ ਦੀਆਂ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਤੋਂ ਪਹਿਲਾਂ ਬੀ ਬੀ ਐੱਮ ਬੀ ’ਚ ਪੰਜਾਬ ਤੋਂ ਡੈਪੂਟੇਸ਼ਨ ’ਤੇ ਮੁਲਾਜ਼ਮ ਤਾਇਨਾਤ ਹੁੰਦੇ ਸਨ, ਪ੍ਰੰਤੂ ਬਹੁਤੇ ਮੁਲਾਜ਼ਮ ਬੀ ਬੀ ਐੱਮ ਬੀ ’ਚ ਜਾਣ ਤੋਂ ਪਾਸਾ ਵੱਟਦੇ ਸਨ, ਜਿਸ ਕਰਕੇ ਅਸਾਮੀਆਂ ਖ਼ਾਲੀ ਰਹਿ ਜਾਂਦੀਆਂ ਸਨ।
ਕੈਬਨਿਟ ਨੇ ਪੁੱਡਾ, ਗਮਾਡਾ ਅਤੇ ਹੋਰ ਅਥਾਰਿਟੀਆਂ ਸਮੇਤ ਪ੍ਰਾਈਵੇਟ ਡਿਵੈੱਲਪਰਾਂ ਨੂੰ ਵੱਡੇ ਪਲਾਂਟਾਂ ਦੀ ਵੰਡ ਕੀਤੇ ਜਾਣ ਦੀ ਛੋਟ ਦੇਣ ਲਈ ਸੋਧਾਂ ਨੂੰ ਪ੍ਰਵਾਨਗੀ ਵੀ ਦਿੱਤੀ ਹੈ, ਜਿਸ ਤਹਿਤ ਸ਼ਰਤ ਲਗਾਈ ਗਈ ਹੈ ਕਿ ਘੱਟੋ-ਘੱਟ ਪਲਾਟ ਪੰਜ ਸੌ ਵਰਗ ਗਜ਼ ਤੋਂ ਘੱਟ ਨਾ ਹੋਵੇ। ਇਸੇ ਤਰ੍ਹਾਂ ਚਾਰ ਹਜ਼ਾਰ ਵਰਗ ਗਜ਼ ਵਾਲੀਆਂ ਡੀਲਿਸਟਿਡ ਸੰਪਤੀਆਂ ’ਚ ਚਾਰ ਸੌ ਵਰਗ ਗਜ਼ ਜਗ੍ਹਾ ’ਚ ਘਰ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੈਬਨਿਟ ਨੇ ਮਾਲੇਰਕੋਟਲਾ ਜ਼ਿਲ੍ਹੇ ਦੇ ਸਹਿਕਾਰਤਾ ਵਿਭਾਗ ’ਚ 11 ਅਸਾਮੀਆਂ ਅਤੇ ਖੇਡ ਵਿਭਾਗ ’ਚ ਤਿੰਨ ਅਸਾਮੀਆਂ ਦੀ ਰਚਨਾ ਨੂੰ ਪ੍ਰਵਾਨਗੀ ਦਿੱਤੀ ਹੈ, ਜਦੋਂ ਕਿ ਦੋਰਾਹਾ ਦੇ ਸਿਵਲ ਹਸਪਤਾਲ ਲਈ 59 ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰਾਂ ਦੀਆਂ 16 ਅਸਾਮੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜ਼ਰੀਏ ਭਰਨ ਦਾ ਫ਼ੈਸਲਾ ਵੀ ਹੋਇਆ ਹੈ। ਇਸੇ ਤਰ੍ਹਾਂ ਜਲੰਧਰ ਦੀ ਫੈਮਲੀ ਅਦਾਲਤ ਲਈ ਅੱਧੀ ਦਰਜਨ ਅਸਾਮੀਆਂ ਦੀ ਰਚਨਾ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੈਬਨਿਟ ਨੇ ਡੈਂਟਲ ਟੀਚਰਜ਼ ਫੈਕਲਟੀ ਦੀ ਉਮਰ ਹੱਦ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ।