ਫਿਨਲੈਂਡ ਲਈ ਅਧਿਆਪਕਾਂ ਦਾ ਤੀਜਾ ਬੈਚ ਰਵਾਨਾ

0
99

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਸਰਕਾਰੀ ਅਧਿਆਪਕਾਂ ਦਾ ਤੀਜਾ ਬੈਚ ਫਿਨਲੈਂਡ ਲਈ ਰਵਾਨਾ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਚ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਅਧਿਆਪਕਾਂ ਨੂੰ ਦੋ ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ। ਬੈਂਸ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ ’ਤੇ ਚੋਣ ਕੀਤੀ ਗਈ ਹੈ ਅਤੇ ਹੁਣ ਤੱਕ 500 ਅਧਿਆਪਕ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਬੈਂਸ ਨੇ ਦੱਸਿਆ ਕਿ ਅਗਲੇ ਪੜਾਅ ’ਤੇ ਪਿ੍ਰੰਸੀਪਲਾਂ ਦਾ ਇੱਕ ਹੋਰ ਬੈਚ ਵਿਦੇਸ਼ ਸਿਖਲਾਈ ਲਈ ਭੇਜਿਆ ਜਾਣਾ ਹੈ। ਉਨ੍ਹਾ ਕਿਹਾ ਕਿ ਅਧਿਆਪਕਾਂ ਦੀ ਵਿਦੇਸ਼ ਵਿਚੋਂ ਸਿਖਲਾਈ ਦਾ ਨਤੀਜਾ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਅੱਵਲ ਆਉਣ ਲੱਗੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉਚੇਰੀ ਪੜ੍ਹਾਈ ਦੇ ਦਾਖਲਾ ਟੈਸਟਾਂ ’ਚ ਅੱਗੇ ਆਉਣ ਲੱਗੇ ਹਨ।