ਸਰਾਭਾ (ਲੁਧਿਆਣਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਜ਼ਾਦੀ ਸੰਘਰਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਹੀਦ ਦੇ ਜੱਦੀ ਪਿੰਡ ਸਰਾਭਾ ਲਈ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ।ਰਾਜ ਪੱਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਹਾਨ ਸ਼ਹੀਦ ਦੇ ਜੱਦੀ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦ ਸਰਾਭਾ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ।ਉਨ੍ਹਾਂ ਕਿਹਾ ਕਿ ਗ਼ਦਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾਂ ਨੇ ਪਹਿਲਾਂ ਵਿਦੇਸ਼ਾਂ ਵਿੱਚ ਅਤੇ ਫਿਰ ਦੇਸ਼ ਦੀ ਆਜ਼ਾਦੀ ਲਈ ਅਣਥੱਕ ਮਿਹਨਤ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਕੇ ਸੂਬੇ ਦੀ ਕਮਾਨ ਸੰਭਾਲੀ ਸੀ ਅਤੇ ਉਨ੍ਹਾਂ ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤੱਕ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।ਮੁੱਖ ਮੰਤਰੀ ਵੱਲੋਂ ਐਲਾਨੇ ਗਏ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਵਿੱਚ ਪਿੰਡ ਲਲਤੋਂ ਕਲਾਂ ਤੋਂ ਸਰਾਭਾ ਰਾਹੀਂ ਰਾਏਕੋਟ ਅਤੇ ਹਲਵਾਰਾ ਤੱਕ ਮੌਜੂਦਾ ਦੋ-ਮਾਰਗੀ ਤੋਂ ਚਾਰ-ਮਾਰਗੀ ਸੜਕ ਨੂੰ ਚੌੜਾ ਕਰਨ ਲਈ 40 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਸੜਕ ਹਲਵਾਰਾ ਏਅਰਪੋਰਟ ਤੱਕ ਜਾਏਗੀ। ਇਸੇ ਤਰ੍ਹਾਂ 2 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਸਤਹੀ ਪਾਣੀ ਯੋਜਨਾ, 2 ਕਰੋੜ ਰੁਪਏ ਦੀ ਟਾਰਗੇਟ ਸੇਫਟੀ ਸੈੱਟਅੱਪ ਵਾਲੀ 10 ਐਮ.ਐਮ. ਇਨਡੋਰ ਸ਼ੂਟਿੰਗ ਰੇਂਜ, 10 ਲੱਖ ਰੁਪਏ ਦੀ ਲਾਗਤ ਬਾਸਕਟਬਾਲ ਗਰਾਊਂਡ ਦੀ ਮੁਰੰਮਤ ਅਤੇ 3 ਲੱਖ ਰੁਪਏ ਨਾਲ ਵਾਲੀਬਾਲ ਕੋਰਟ ਤੇ ਛੇ ਕੰਕਰੀਟ ਬੈਂਚਾਂ ਵਾਲੇ ਖੇਡ ਮੈਦਾਨ ਦਾ ਵਿਕਾਸ ਸ਼ਾਮਲ ਹੈ। ਇਸ ਤੋਂ ਇਲਾਵਾ 89 ਲੱਖ ਰੁਪਏ ਦੀ ਲਾਗਤ ਨਾਲ ਜੰਗਲਾਤ ਨਰਸਰੀ ਨੂੰ ਨਵੀਨਤਮ ਤਕਨਾਲੋਜੀ ਨਾਲ ਅਪਗ੍ਰੇਡ ਕੀਤਾ ਜਾਵੇਗਾ। ਸੁਰੱਖਿਆ ਤੇ ਪੁਲਿਸ ਬਲਾਂ ਲਈ ਸਿਖਲਾਈ ਅਕੈਡਮੀ ਸਥਾਪਤ ਕੀਤੀ ਜਾਵੇਗੀ ਜਿਸ ਵਿੱਚ ਪਾਇਲਟ ਅਤੇ ਡਰੋਨ ਸਿਖਲਾਈ ਲਈ ਏਅਰ ਫੋਰਸ ਅਕੈਡਮੀ ਤੋਂ ਛੱਡੇ ਹੋਏ ਮਿਗ-21 ਜਹਾਜ਼ ਦੀ ਵਿਵਸਥਾ ਸ਼ਾਮਲ ਹੈ।




