ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੂੰ ਸਿਜਦਾ

0
119

ਜਲੰਧਰ : ਇਤਿਹਾਸ ਬੋਲਦਾ ਹੈ ਕਿ 16 ਨਵੰਬਰ 1915 ਨੂੰ ਸੱਤ ਗਦਰੀ ਦੇਸ਼ ਭਗਤਾਂ ਨੂੰ ਅੰਗਰੇਜ਼ ਹਕੂਮਤ ਨੇ ਫਾਂਸੀ ਦੇ ਤਖ਼ਤੇ ’ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਸੀ।ਦੇਸ਼ ਭਗਤ ਯਾਦਗਾਰ ਹਾਲ ਅੰਦਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਵੱਲੋਂ ਐਤਵਾਰ ਬੁਲਾਈ ਗਈ ਸੱਭਿਆਚਾਰਕ ਵਿੰਗ, ਇਸ ਦੇ ਸਹਿਯੋਗੀ ਪਰਵਾਰ, ਮੇਲੇ ਦੀਆਂ ਵੰਨ-ਸੁਵੰਨੀਆਂ ਪ੍ਰਬੰਧਕੀ ਕਮੇਟੀਆਂ ਦੀ ਮੀਟਿੰਗ ’ਚ ਕਰਤਾਰ ਸਿੰਘ ਸਰਾਭਾ (ਸਰਾਭਾ, ਲੁਧਿਆਣਾ), ਵਿਸ਼ਨੂੰ ਗਣੇਸ਼ ਪਿੰਗਲੇ (ਤਾਲੇਗਾਓਂ, ਪੁਣੇ), ਜਗਤ ਸਿੰਘ (ਸੁਰਸਿੰਘ, ਅੰਮਿ੍ਰਤਸਰ), ਹਰਨਾਮ ਸਿੰਘ (ਭੱਟੀ ਗੁਰਾਇਆ, ਸਿਆਲਕੋਟ), ਸੁਰੈਣ ਸਿੰਘ ਸਪੁੱਤਰ ਬੂਰ ਸਿੰਘ (ਗਿੱਲਵਾਲੀ, ਅੰਮਿ੍ਰਤਸਰ), ਸੁਰੈਣ ਸਿੰਘ ਸਪੁੱਤਰ ਈਸ਼ਰ ਸਿੰਘ (ਗਿੱਲਵਾਲੀ, ਅੰਮਿ੍ਰਤਸਰ), ਬਖਸ਼ੀਸ਼ ਸਿੰਘ (ਗਿੱਲ ਵਾਲੀ, ਅੰਮਿ੍ਰਤਸਰ) ਹੋਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਗੰਭੀਰ ਵਿਚਾਰਾਂ ਕਰਦਿਆਂ ਜ਼ੋਰ ਦਿੱਤਾ ਗਿਆ ਕਿ ਉਹਨਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਾਮਰਾਜ ਅਤੇ ਉਸ ਦੇ ਭਾਰਤੀ ਸੇਵਾਦਾਰਾਂ ਖ਼ਿਲਾਫ਼ ਬੇਕਿਰਕ ਘੋਲ਼ ਜਾਰੀ ਰੱਖਣ ਦੀ ਲੋੜ ਹੈ।
ਮੀਟਿੰਗ ’ਚ ਸਾਂਝਾ ਵਿਚਾਰ ਬਣਿਆ ਕਿ ਅੱਜ ਦੇ ਸਮੇਂ ਸ਼ਹੀਦਾਂ ਦੇ ਵਿਚਾਰਾਂ ਨੂੰ ਲਾਗੂ ਕਰਨਾ ਹੀ ਹਕੀਕੀ ਤੌਰ ’ਤੇ ਸ਼ਹੀਦਾਂ ਨੂੰ ਯਾਦ ਕਰਨਾ ਹੈ, ਉਹਨਾਂ ਦੀ ਕੁਰਬਾਨੀ ਅਤੇ ਕਿਰਤੀ ਲੋਕਾਂ ਦੀ ਮੁਕਤੀ ਦੇ ਵਿਚਾਰਾਂ ਨੂੰ ਅਪਣਾਉਦੇ ਹੋਏ ਲੋਕ-ਪੱਖੀ ਨਿਜ਼ਾਮ ਦੀ ਸਿਰਜਣਾ ਲਈ ਮਹਾਨ ਗ਼ਦਰੀ ਵਿਰਾਸਤ ਅਤੇ ਸਾਡੀਆਂ ਸਰਗਰਮੀਆਂ ਦੀ ਸੇਧ ਨਿਰਧਾਰਤ ਕਰਨੀ ਚਾਹੀਦੀ ਹੈ।ਗ਼ਦਰੀ ਬਾਬਿਆਂ ਦੇ 34ਵੇਂ ਮੇਲੇ ਉਪਰ ਉਸਾਰੂ ਸਿਰਜਣਾਤਮਕ ਪੜਚੋਲਵੀਂ ਝਾਤ ਮਾਰਦੇ ਹੋਏ ਇਸ ਭਰਵੀਂ ਮੀਟਿੰਗ ਨੇ ਮੇਲੇ ਨੂੰ ਅੱਗੇ ਤੋਂ ਹੋਰ ਵੀ ਹਰਮਨ ਪਿਆਰਾ ਬਣਾਉਣ ਲਈ ਵਿਸ਼ਾਲ ਲੋਕਾਈ ਦਾ ਸਹਿਯੋਗ ਲੈਣ ਉਪਰ ਜ਼ੋਰ ਦਿੱਤਾ।ਇਹ ਵੀ ਨਿੱਗਰ ਸੁਝਾਅ ਆਏ ਕਿ ਮੇਲੇ ਵਿੱਚ ਆਏ ਲੋਕਾਂ ਲਈ ਘੱਟੋ ਘੱਟ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵੱਧ ਤੋਂ ਵੱਧ ਯਤਨ ਜੁਟਾਉਣੇ ਚਾਹੀਦੇ ਹਨ। ਦੇਸ਼-ਵਿਦੇਸ਼ ਤੋਂ ਪਰਵਾਰਾਂ ਦੇ ਪਰਵਾਰ ਮੇਲੇ ਵਿਚ ਆਉਣ ਤੇ ਬੇਹੱਦ ਖੁਸ਼ੀ ਅਤੇ ਮਾਣ ਦਾ ਇਜ਼ਹਾਰ ਕਰਦਿਆਂ ਸਮੂਹ ਹਾਜ਼ਰੀਨ ਨੇ ਸਭ ਦਾ ਹਾਰਦਿਕ ਧੰਨਵਾਦ ਕੀਤਾ।ਮੇਲੇ ਵਿਚ ਸੋਵੀਨਾਰ ਲੋਕ ਅਰਪਣ ਕਰਨ ਮੌਕੇ ਦੇਸ਼ ਭਗਤਾਂ ਦੇ ਪਿੰਡਾਂ ਤੋਂ ਆਈਆਂ ਕਮੇਟੀਆਂ ਅਤੇ ਲੋਕਾਂ ਦਾ ਅਨੰਤ ਧੰਨਵਾਦ ਕਰਦਿਆਂ ਵਿਸ਼ੇਸ਼ ਇਕੱਤਰਤਾ ਨੇ ਉਮੀਦ ਜਿਤਾਈ ਕਿ ਅੱਗੇ ਤੋਂ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ।ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਦਾ ਮੇਲੇ ਵਿੱਚ ਸ਼ਾਮਲ ਹੋਣ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਲਈ ਵੀ ਧੰਨਵਾਦ ਕੀਤਾ ਗਿਆ।
ਮੇਲੇ ਦੇ ਦਿਨਾਂ ਵਿੱਚ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਅੰਦਰ ਯੂਥ ਫੈਸਟੀਵਲ ਹੋਣ ਦੇ ਬਾਵਜੂਦ ਜੁਆਨੀ ਦੇ ਮੇਲੇ ਵਿਚ ਵੱਡੀ ਗਿਣਤੀ ਵਿਚ ਆਉਣ ਨੂੰ ਉਤਸ਼ਾਹਜਨਕ ਵਰਤਾਰੇ ਵਜੋਂ ਨੋਟ ਕੀਤਾ ਗਿਆ।ਛਤੀਸਗੜ੍ਹ, ਨਵੀਂ ਦਿੱਲੀ, ਜੰਮੂ, ਹਰਿਆਣਾ ਅਤੇ ਉਤਰਾਖੰਡ ਆਦਿ ਥਾਵਾਂ ਤੋਂ ਨਾਟਕ ਅਤੇ ਗੀਤ-ਸੰਗੀਤ ਮੰਡਲੀਆਂ ਦਾ ਮੇਲੇ ਵਿਚ ਆਉਣਾ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕਰਨ ਨੂੰ ਇਸ ਵਾਰ ਮੇਲੇ ਦੀ ਵਿਸ਼ੇਸ਼ ਉਪਲੱਬਧੀ ਵਜੋਂ ਨੋਟ ਕੀਤਾ ਗਿਆ ਅਤੇ ਉਹਨਾਂ ਸਭਨਾਂ ਨੂੰ ਧੰਨਵਾਦ ਪੱਤਰ ਭੇਜਣ ਬਾਰੇ ਵੀ ਸੁਝਾਅ ਆਏ।ਮੇਲੇ ਦੀਆਂ ਪ੍ਰਬੰਧਕੀ ਊਣਤਾਈਆਂ ਉਪਰ ਵੀ ਬੇਕਿਰਕੀ ਨਾਲ਼ ਚਰਚਾ ਹੋਈ ਅਤੇ ਅੱਗੇ ਤੋਂ ਪ੍ਰਾਪਤੀਆਂ ਨੂੰ ਪੱਲੇ ਬੰਨ੍ਹਣ ਅਤੇ ਊਣਤਾਈਆਂ ਤੋਂ ਸਬਕ ਲੈਣ ਬਾਰੇ ਵਿਚਾਰਾਂ ਹੋਈਆਂ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੋਕਾਂ ਵਿਚ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਸੇ ਦੀ ਜੋਤ ਜਗਦੀ ਰੱਖ ਰਿਹਾ ਮੇਲਾ ਹਰ ਸਾਲ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ।
ਮੀਟਿੰਗ ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਿਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਦੇ ਕਨਵੀਨਰ ਅਤੇ ਕਮੇਟੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਚ ਸੱਭਿਆਚਾਰਕ ਵਿੰਗ ਨਾਲ ਜੁੜੇ ਕਾਮੇ ਹਾਜ਼ਰ ਸਨ।