ਖਡੂਰ ਸਾਹਿਬ : ਇਤਿਹਾਸਕ ਅਸਥਾਨ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ’ਤੇ ਲੱਗਦੇ ਭਾਰੀ ਮੇਲੇ ਵਿੱਚ ਸੀ ਪੀ ਆਈ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਲਿਖਤਾਂ ਨੂੰ ਇਕੱਤਰ ਕੀਤਾ। ਪੰਜਾਬੀ ਲਿਪੀ ਨੂੰ ਸੰਵਾਰਨ ਵਿੱਚ ਗੁਰੂ ਅੰਗਦ ਦੇਵ ਜੀ ਦੀ ਅਹਿਮ ਦੇਣ ਹੈ। ਉਨ੍ਹਾ ਮੁਗਲ ਹਾਕਮਾਂ ਦਾ ਮੁਕਾਬਲਾ ਕਰਨ ਵਾਸਤੇ ਨੌਜਵਾਨਾਂ ਨੂੰ ਕੁਸ਼ਤੀ ਮੁਕਾਬਲੇ ਵਿੱਚ ਪਾਇਆ। ਸਾਡੀ ਨੌਜਵਾਨ ਪੀੜ੍ਹੀ ਆਪਣੇ ਗੁਰੂਆਂ ਦੇ ਇਤਿਹਾਸ ਨੂੰ ਡੂੰਘਾਈ ਨਾਲ ਪੜ੍ਹੇ। ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਫਾਸ਼ੀਵਾਦੀ ਨੀਤੀ ’ਤੇ ਚੱਲ ਰਹੀ ਹੈ। ਜਿਹੜਾ ਵੀ ਉਸ ਸਰਕਾਰ ਵਿਰੁੱਧ ਲਿਖਦਾ ਤੇ ਬੋਲਦਾ ਹੈ, ਉਸ ਨੂੰ ਬਿਨਾਂ ਵਜ੍ਹਾ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ। ਦੇਸ਼ ਦੇ ਕਈ ਬੁੱਧੀਜੀਵੀ ਅਤੇ ਉੱਚ ਚੋਟੀ ਦੇ ਪੱਤਰਕਾਰ ਜੇਲ੍ਹ ਦੀ ਚੱਕੀ ਪੀਸ ਰਹੇ ਹਨ। ਮੋਦੀ ਸਰਕਾਰ ਤੇ ਉਸ ਦੇ ਪਿੱਛੇ ਕੰਮ ਕਰ ਰਹੇ ਆਰ ਐੱਸ ਐੱਸ ਨੇ ਦੇਸ਼ ਵਿੱਚ ਫਿਰਕੂ ਜ਼ਹਿਰ ਘੋਲਿਆ ਹੋਇਆ ਹੈ। ਖਾਸ ਕਰਕੇ ਮੁਸਲਮਾਨ ਕਮਿਊੁਨਿਟੀ ਨੂੰ ਡਰਾ-ਧਮਕਾ ਕੇ ਦੇਸ਼ ਵਿੱਚੋਂ ਬਾਹਰ ਕੱਢਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਮੋਦੀ ਸਰਕਾਰ ਇਸ ਲਈ ਕਰ ਰਹੀ ਹੈ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਜਾਇਦਾਦ ਲੁਟਾ ਦਿੱਤੀ ਜਾਵੇ। ਲਗਾਤਾਰ ਸਰਕਾਰੀ ਤੇ ਜਨਤਕ ਅਦਾਰੇ ਤੋੜ ਕੇ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ। ਇੱਕ ਬੰਨੇ ਗਰੀਬ ਲੋਕ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ ਰਹੇ ਹਨ, ਦੂਜੇ ਬੰਨੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਦੇ ਢੇਰ ਵਧਦੇ ਜਾ ਰਹੇ ਹਨ। ਉਨ੍ਹਾਂ ’ਤੇ ਕੋਈ ਕੋਰੋਨਾ ਦਾ ਅਸਰ ਨਹੀਂ ਹੋਇਆ। ਕੋਰੋਨਾ ਵਰਗੀ ਬਿਮਾਰੀ ਵੀ ਉਨ੍ਹਾਂ ਦੇ ਮੁਨਾਫ਼ੇ ਦੇ ਢੇਰ ਵਧਾਉਣ ਵਿੱਚ ਸਹਾਈ ਹੋਈ ਹੈ। ਇਸ ਲਈ ਸੀ ਪੀ ਆਈ ਦੇ ਕਾਰਕੁਨਾਂ ਨੂੰ ਪਿੰਡਾਂ ਤੱਕ ਪਹੁੰਚ ਕਰਕੇ ਮੋਦੀ ਦੀਇਸ ਲੋਕ ਵਿਰੋਧੀ ਨੀਤੀ ਵਿਰੁੱਧ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਹੈ।
ਸੀ ਪੀ ਆਈ ਦੇ ਸਾਬਕਾ ਮੀਤ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀ ਆਸ ਨਾਲ ਅਕਾਲੀ, ਕਾਂਗਰਸ ਤੇ ਭਾਜਪਾ ਦੀ ਨੂੰ ਚੋਣਾਂ ਵਿੱਚ ਅੱਗੇ ਨਹੀਂ ਆਉਣ ਦਿੱਤਾ ਅਤੇ ਆਪ ਨੂੰ ਵੋਟਾਂ ਪਾ ਕੇ ਉਸ ਦੀ ਸਰਕਾਰ ਬਣਾਈ, ਪਰ ਆਪ ਸਰਕਾਰ ਵੀ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਉਸੇ ਤਰ੍ਹਾਂ ਪੰਜਾਬ ਵਿੱਚ ਮਹਿੰਗਾਈ ਦਾ ਬੋਲਬਾਲਾ ਹੈ। ਗਰੀਬ ਲੋਕ ਰੋਟੀ ਖਾਣ ਤੋਂ ਆਤੁਰ ਹਨ। ਬੇਰੁਜ਼ਗਾਰੀ ਦਾ ਦੈਂਤ ਉਸੇ ਤਰ੍ਹਾਂ ਦਨਦਨਾ ਰਿਹਾ ਹੈ। ਵਿੱਦਿਆ ਸਿਰਫ਼ ਅਮੀਰ ਲੋਕ ਹੀ ਲੈ ਸਕਦੇ ਹਨ, ਗ਼ਰੀਬਾਂ ਦੇ ਬੱਚੇ ਮਹਿੰਗੀ ਵਿੱਦਿਆ ਲੈਣ ਤੋਂ ਆਤੁਰ ਹਨ, ਉਹ ਮਜ਼ਦੂਰੀ ਕਰਨ ਵਾਸਤੇ ਮਜਬੂਰ ਹਨ। ਇਸੇ ਤਰ੍ਹਾਂ ਸਿਹਤ ਸਹੂਲਤਾਂ ਦਾ ਹਾਲ ਹੈ। ਇਲਾਜ ਏਨਾ ਮਹਿੰਗਾ ਹੈ ਕਿ ਗ਼ਰੀਬ ਤੇ ਮਿਹਨਤੀ ਵਰਗ ਇਲਾਜ ਕਰਵਾ ਹੀ ਨਹੀਂ ਸਕਦਾ। ਸਰਕਾਰੀ ਹਸਪਤਾਲਾਂ ਵਿੱਚ ਹਾਲਾਤ ਇਹ ਹਨ ਕਿ ਜਿਹੜਾ ਵੀ ਕੋਈ ਪੈਸਾ ਡਾਕਟਰਾਂ ਦੀ ਭੇਟ ਚਾੜ੍ਹਦਾ ਹੈ, ਉਸ ਦਾ ਇਲਾਜ ਹੋ ਜਾਂਦਾ ਹੈ, ਬਾਕੀਆਂ ਨੂੰ ਮਰਨ ਲਈ ਮਜਬੂਰ ਹੋਣਾ ਪੈਂਦਾ ਹੈ। ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚੋਂ ਮਿਲਦੀਆਂ ਹੀ ਨਹੀਂ। ਲੋਕ ਬਾਹਰੋਂ ਲੈਣ ਵਾਸਤੇ ਮਜਬੂਰ ਹੁੰਦੇ ਹਨ। ਆਗੂਆਂ ਕਿਹਾ ਕਿ ਖੱਬੀਆਂ ਪਾਰਟੀਆਂ ਨੇ ਜ਼ੋਰ ਦੇ ਕੇ ਨਰੇਗਾ ਕਾਨੂੰਨ ਬਣਵਾਇਆ ਸੀ, ਪਰ ਸਰਕਾਰਾਂ ਤੇ ਅਫ਼ਸਰਸ਼ਾਹੀ ਇਸ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕਰ ਰਹੀ। ਇਸ ਕਾਨੂੰਨ ਵਿੱਚ ਵੱਡੇ ਪੱਧਰ ’ਤੇ ਘੁਟਾਲੇ ਹੋ ਰਹੇ ਹਨ। ਜਿਹੜੇ ਚਹੇਤੇ ਹਨ, ਉਨ੍ਹਾਂ ਦੇ ਨਾਵਾਂ ’ਤੇ ਜਾਲ੍ਹੀ ਕੰਮ ਕਰਾਉਣ ਦਾ ਸਿਲਸਿਲਾ ਵੱਡੀ ਪੱਧਰ ’ਤੇ ਸਾਹਮਣੇ ਆ ਰਿਹਾ ਹੈ, ਜਦੋਂ ਕਿ ਉਨ੍ਹਾਂ ਨੇ ਕੋਈ ਕੰਮ ਕੀਤਾ ਹੀ ਨਹੀਂ ਹੁੰਦਾ ਅਤੇ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਪਹੁੰਚ ਜਾਂਦੇ ਹਨ। ਫਿਰ ਉਹ ਪੈਸੇ ਕਢਾ ਕੇ ਅੱਧੇ ਅਫਸਰਸ਼ਾਹੀ ਨੂੰ ਭੇਟ ਕਰ ਦਿੰਦੇ ਹਨ। ਜੇ ਪੰਜਾਬ ਸਰਕਾਰ ਲੋਕ-ਪੱਖੀ ਹੈ ਤਾਂ ਮਨਰੇਗਾ ਦੇ ਘੁਟਾਲਿਆਂ ਦੀ ਜਾਂਚ ਕਰਾਉਣੀ ਚਾਹੀਦੀ ਹੈ। ਵੱਡੇ ਪੱਧਰ ’ਤੇ ਇਸ ਘੁਟਾਲੇ ਵਿੱਚ ਅਫਸਰਸ਼ਾਹੀ ਤੇ ਸਿਆਸਤਦਾਨ ਫਸਣਗੇ। ਆਗੂਆਂ ਕਿਹਾ ਕਿ ਆਪ ਦੀ ਸਰਕਾਰ ਬਣਨ ਉਪਰੰਤ ਪੰਜਾਬ ਵਿੱਚ ਨਸ਼ੇ ਦਾ ਦੌਰ ਵਧ ਗਿਆ ਹੈ। ਨਸ਼ਿਆਂ ਦੇ ਸੌਦਾਗਰ ਪਿੰਡਾਂ ਵਿੱਚ ਦਨਦਨਉਂਦੇ ਫਿਰਦੇ ਹਨ। ਸਕੂਲਾਂ, ਕਾਲਜਾਂ ਵਿੱਚ ਨਸ਼ਾ ਵਿਕ ਰਿਹਾ ਹੈ। ਨਸ਼ਿਆਂ ਦੇ ਸੌਦਾਗਰ ਅਕਾਲੀ ਤੇ ਕਾਂਗਰਸ ਨੂੰ ਛੱਡ ਕੇ ਆਪ ਨਾਲ ਰਲ ਗਏ ਹਨ। ਇਸ ਮੌਕੇ ਸੀ ਪੀ ਆਈ ਦੇ ਬਲਾਕ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਦਵਿੰਦਰ ਸੋਹਲ, ਰੁਪਿੰਦਰ ਕੌਰ ਮਾੜੀਮੇਘਾ, ਜੈਮਲ ਸਿੰਘ ਤੇ ਰਛਪਾਲ ਸਿੰਘ ਬਾਠ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਦਰਸ਼ਨ ਸਿੰਘ ਬਿਹਾਰੀਪੁਰ, ਬਲਦੇਵ ਸਿੰਘ ਧੂੰਦਾ, ਜਗੀਰ ਸਿੰਘ ਭਰੋਵਾਲ, ਹਰਜੀਤ ਕੌਰ ਫਤਿਆਬਾਦ, ਗੁਰਚਰਨ ਸਿੰਘ ਕੰਡਾ ਫਤਿਆਬਾਦ, ਕਸ਼ਮੀਰ ਸਿੰਘ ਖੁਵਾਸਪੁਰ, ਕੁਲਵੰਤ ਸਿੰਘ ਖਡੂਰ ਸਾਹਿਬ, ਕਸ਼ਮੀਰ ਸਿੰਘ ਗੋਇੰਦਵਾਲ, ਸੁਖਵਿੰਦਰ ਸਿੰਘ ਮੁਗਲਾਣੀ, ਭਗਵੰਤ ਸਿੰਘ ਵੇਈਂਪੂਈਂ, ਜਸਵੰਤ ਸਿੰਘ ਖਡੂਰ ਸਾਹਿਬ, ਜਗਤਾਰ ਸਿੰਘ ਖਡੂਰ ਸਾਹਿਬ, ਬਲਕਾਰ ਸਿੰਘ ਬਿਹਾਰੀਪੁਰ, ਸਰਵਣ ਸਿੰਘ ਪਿੰਡੀਆਂ, ਦਲਬੀਰ ਸਿੰਘ ਫੌਜੀ ਵੜਿੰਗ, ਬਲਬੀਰ ਸਿੰਘ ਧੂੰਦਾ, ਹਰੀ ਸਿੰਘ ਖਡੂਰ ਸਾਹਿਬ, ਕੁਲਵਿੰਦਰ ਕੌਰ ਖਡੂਰ ਸਾਹਿਬ, ਬੂਟਾ ਸਿੰਘ ਢੋਟੀਆਂ, ਚਰਨ ਸਿੰਘ ਤਰਨ ਤਾਰਨ ਤੇ ਮਾਸਟਰ ਭੁਪਿੰਦਰ ਸਿੰਘ ਹਾਜ਼ਰ ਸਨ।