ਟੋਰਾਂਟੋ : ਸਰੀ ਵਿਚ ਪੁਲਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰਨ ਵਾਲੇ ਪੰਜਾਬੀ ਨੌਜਵਾਨ ਕਸੂਤੇ ਫਸ ਗਏ ਹਨ ਤੇ ਇਨ੍ਹਾਂ ਨੂੰ ਭਾਰਤ ਵਾਪਸ ਵੀ ਭੇਜਿਆ ਜਾ ਸਕਦਾ ਹੈ। ਕੈਨੇਡੀਅਨ ਪੁਲਸ ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਨੌਜਵਾਨਾਂ ਦੀ ਟੋਲੀ ਸੜਕ ’ਤੇ ਹੁੱਲੜਬਾਜ਼ੀ ਕਰ ਰਹੀ ਸੀ। ਇਕ ਕਾਰ ਨੂੰ ਉਸ ਸਮੇਂ ਰੋਕਿਆ ਗਿਆ, ਜਦੋਂ ਉਸ ’ਚ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ-ਦੁਆਲੇ ਤਿੰਨ ਘੰਟੇ ਤੱਕ ਉੱਚੀ ਆਵਾਜ਼ ’ਚ ਡੈੱਕ ਵਜਾਇਆ ਜਾ ਰਿਹਾ ਸੀ। ਪੁਲਸ ਅਧਿਕਾਰੀ ਨੇ ਕਾਰ ’ਚ ਡੈੱਕ ਵਜਾਉਣ ਤੋਂ ਰੋਕਣ ਲਈ ਸਵਾਰਾਂ ਨੂੰ ਨੋਟਿਸ ਦਿੱਤਾ। ਇਸ ’ਤੇ ਨੌਜਵਾਨਾਂ ਨੇ ਪੁਲਸ ਅਧਿਕਾਰੀ ਨੂੰ ਘੇਰ ਲਿਆ ਤੇ ਉਸ ਦੀ ਲਾਹ-ਪਾਹ ਕੀਤੀ। ਸੰਘਾ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ’ਚ ਵੱਡਾ ਯੋਗਦਾਨ ਪਾਇਆ ਹੈ, ਪਰ ਕੁਝ ਤੱਤ ਮੁਸੀਬਤ ਪੈਦਾ ਕਰ ਰਹੇ ਹਨ। ਵੀਡੀਓ ਰਿਕਾਰਡਿੰਗ ’ਚ 40 ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਦੇਸ਼ ’ਚੋਂ ਵਾਪਸ ਵੀ ਭੇਜਿਆ ਜਾ ਸਕਦਾ ਹੈ।