ਖੰਨਾ (ਸੁਖਵਿੰਦਰ ਸਿੰਘ ਭਾਦਲਾ/ ਪਰਮਿੰਦਰ ਸਿੰਘ ਮੋਨੂੰ)-ਸ਼ੁੱਕਰਵਾਰ ਸ਼ਾਮ ਖੰਨਾ ਦੇ ਪਿ੍ਸਟਨ ਮਾਲ ਦੇ ਸਾਹਮਣੇ ਜੀ ਟੀ ਰੋਡ ਉੱਪਰ ਇਕ ਟਰਾਲਾ ਘੋੜਾ ਅਤੇ ਕਾਰ ਹਾਦਸੇ ਦੌਰਾਨ ਮਾਂ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਵਿਚ ਕਾਰ ਚਾਲਕ ਅਤੇ ਉਸ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ | ਮਿ੍ਤਕ ਨਵਪ੍ਰੀਤ ਕੌਰ (32) ਦੇ ਭਰਾ ਮਨਦੀਪ ਸਿੰਘ ਵਾਸੀ ਕਾਨਪੁਰ ਨੇੜੇ ਅਮਲੋਹ ਨੇ ਦੱਸਿਆ ਕਿ ਉਹਨਾ ਦਾ ਭਣੋਈਆ ਗੁਰਿੰਦਰ ਸਿੰਘ ਬੌਬੀ, ਉਸ ਦੀ ਮਾਤਾ ਅਤੇ ਸਾਡੀ ਭੈਣ ਨਵਪ੍ਰੀਤ ਕੌਰ ਅਤੇ ਦੋਵੇਂ ਬੱਚੇ ਫਤਿਹਗੜ੍ਹ ਸਾਹਿਬ ਦੇ ਪਿੰਡ ਆਨੰਦਪੁਰ ਕਲੌੜ ਅਤੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ | ਜਿਉਂ ਹੀ ਉਨ੍ਹਾਂ ਦੀ ਕਾਰ ਖੰਨਾ ਦੇ ਪਿ੍ਸਟਨ ਮਾਲ ਕੋਲ ਪਹੁੰਚੀ ਤਾਂ ਅੱਗੇ ਜਾ ਰਹੇ ਇਕ ਟਰਾਲਾ ਘੋੜਾ, ਜਿਹੜਾ ਕਿ ਅੰਬਾਲਾ ਸਾਈਡ ਤੋਂ ਆ ਰਿਹਾ ਸੀ, ਉਸ ਉੱਪਰ ਕੰਟੇਨਰ ਲੋਡ ਸਨ, ਨੇ ਬਰੇਕ ਮਾਰ ਦਿੱਤੀ, ਜਿਸ ਕਾਰਨ ਟਰਾਲਾ ਆਪਣਾ ਸੰਤੁਲਨ ਗਵਾ ਬੈਠਿਆ ਤੇ ਉਸ ਉੱਪਰ ਲੱਦਿਆ ਕੰਟੇਨਰ ਸਾਡੇ ਭਣੋਈਏ ਦੀ ਕਾਰ ਉੱਪਰ ਜਾ ਡਿੱਗਿਆ | ਇਸ ਕਾਰਨ ਮਗਰ ਬੈਠੀ ਸਾਡੀ ਭੈਣ ਨਵਪ੍ਰੀਤ ਕੌਰ ਅਤੇ ਦੋਵੇਂ ਜੁੜਵਾਂ ਬੱਚੇ ਹਰਸਿਮਰਤ ਸਿੰਘ ਅਤੇ ਲੜਕੀ ਹਰਸੀਰਤ ਕੌਰ ਉਮਰ ਤਕਰੀਬਨ ਬਾਰਾਂ ਸਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ |
ਗੁਰਵਿੰਦਰ ਸਿੰਘ ਅਤੇ ਉਸ ਦੀ ਮਾਤਾ ਕਮਲਜੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ |
ਇਸ ਮੌਕੇ ਥਾਣਾ ਸਦਰ ਖੰਨਾ ਅਤੇ ਥਾਣਾ ਸਿਟੀ ਦੀ ਪੁਲਸ ਪਾਰਟੀ ਵੱਲੋਂ ਮੌਕੇ ‘ਤੇ ਪਹੁੰਚ ਰਾਹਗੀਰਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮਿ੍ਤਕਾਂ ਅਤੇ ਜ਼ਖਮੀਆਂ ਨੂੰ ਬਹੁਤ ਮੁਸ਼ਕਲ ਨਾਲ ਕਾਰ ਵਿੱਚੋਂ ਕੱਢਿਆ ਗਿਆ | ਟਰਾਲੇ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ |