ਪਤਨੀ ਤੇ ਸੱਸ ਨੂੰ ਮਾਰ ਕੇ ਖੁਦਕੁਸ਼ੀ

0
36

ਗੁਰਦਾਸਪੁਰ : ਥਾਣਾ ਦੋਰਾਂਗਲਾ ਦੇ ਪਿੰਡ ਖੁੱਥੀ ਵਿੱਚ ਬੁੱਧਵਾਰ ਤੜਕਸਾਰ ਤਿੰਨ ਵਜੇ ਸਾਬਕਾ ਫੌਜੀ ਨੇ ਪਤਨੀ ਅਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਵੱਲੋਂ ਘੇਰਾ ਪਾਏ ਜਾਣ ਉਪਰੰਤ ਮੁਲਜ਼ਮ ਬੀਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਬੀਰ ਸਿੰਘ ਪੈਸਕੋ ਕੰਪਨੀ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਗਾਰਡ ਵਜੋਂ ਨੌਕਰੀ ਕਰ ਰਿਹਾ ਸੀ। ਪਤਨੀ ਅਕਵਿੰਦਰ ਕੌਰ (32) ਅਤੇ ਸੱਸ ਗੁਰਜੀਤ ਕੌਰ (55) ਦੀ ਹੱਤਿਆ ਕਰਨ ਮਗਰੋਂ ਬੀਰ ਸਿੰਘ ਫਰਾਰ ਹੋ ਗਿਆ ਅਤੇ ਗੁਰਦਾਸਪੁਰ ਸਥਿਤ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਵਿਚਲੇ ਆਪਣੇ ਫਲੈਟ ਵਿੱਚ ਲੁਕ ਗਿਆ। ਐੱਸ ਐੱਸ ਪੀ ਗੁਰਦਾਸਪੁਰ ਆਦਿਤਿਆ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਬੀਰ ਸਿੰਘ ਨੂੰ ਆਤਮ-ਸਮਰਪਣ ਕਰਨ ਲਈ ਕਿਹਾ। ਇਸ ਦੌਰਾਨ ਬੀਰ ਸਿੰਘ ਨੇ ਏ ਕੇ 47 ਰਾਈਫਲ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਐੱਸ ਐੱਸ ਪੀ ਨੇ ਦੱਸਿਆ ਕਿ ਬੀਰ ਸਿੰਘ ਦਾ ਪਤਨੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਮਾਮਲਾ ਕੋਰਟ ਵਿੱਚ ਸੀ। ਅਕਵਿੰਦਰ ਕੌਰ ਕਾਫੀ ਸਮੇਂ ਤੋਂ ਆਪਣੀ ਮਾਂ ਕੋਲ ਪਿੰਡ ਖੁੱਥੀ ਰਹਿ ਰਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਬੀਰ ਸਿੰਘ ਕੋਲ ਏ ਕੇ-47 ਕਿੱਥੋਂ ਆਈ।