ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੀ ਟੀਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਹੋ ਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਦਿਆਂ ਗਿ੍ਰਫਤਾਰ ਕਰਕੇ ਰਿਮਾਂਡ ਹਾਸਲ ਕਰਨ ਲਈ ਪਟਿਆਲਾ ਹਾਊਸ ਕੋਰਟ ਲੈ ਗਈ।
ਅਨਮੋਲ ਬਿਸ਼ਨੋਈ 2022 ਤੋਂ ਫਰਾਰ ਸੀ ਅਤੇ ਐੱਨ ਆਈ ਏ ਦੀ ਚੱਲ ਰਹੀ ਜਾਂਚ ਵਿੱਚ ਗਿ੍ਰਫਤਾਰ ਕੀਤਾ ਗਿਆ 19ਵਾਂ ਮੁਲਜ਼ਮ ਹੈ। ਮਾਰਚ 2023 ਵਿੱਚ ਐੱਨ ਆਈ ਏ ਨੇ ਇਸ ਮਾਮਲੇ ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਅਨਮੋਲ ਨੇ 2020 ਅਤੇ 2023 ਦੇ ਵਿਚਕਾਰ ਦੇਸ਼ ਭਰ ਵਿੱਚ ਕਈ ਵੱਡੇ ਅਪਰਾਧਾਂ ਵਿੱਚ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਸਹਾਇਤਾ ਕੀਤੀ ਸੀ।
ਜਾਂਚ ਦੇ ਅਨੁਸਾਰ ਅਨਮੋਲ ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਲਈ ਇੱਕ ਅੱਤਵਾਦੀ ਸਿੰਡੀਕੇਟ ਚਲਾਉਂਦਾ ਸੀ। ਉਸ ਨੇ ਗੈਂਗ ਦੇ ਮੈਂਬਰਾਂ ਨੂੰ ਪਨਾਹ, ਪੈਸਾ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ। ਉਹ ਵਿਦੇਸ਼ੀ ਧਰਤੀ ਤੋਂ ਭਾਰਤ ਵਿੱਚ ਧਮਕੀਆਂ ਅਤੇ ਜਬਰੀ ਵਸੂਲੀ ਵਿੱਚ ਵੀ ਸ਼ਾਮਲ ਸੀ। ਅਨਮੋਲ ਬਿਸ਼ਨੋਈ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚ ਮੁਲਜ਼ਮ ਹੈ, ਜਿਸ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ, ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕੇਸ ਦੀ ਸਾਜ਼ਿਸ਼ ਅਤੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟਸ ’ਤੇ ਗੋਲੀਬਾਰੀ ਸ਼ਾਮਲ ਹੈ। ਉਸ ਦੇ ਖਿਲਾਫ ਰਾਜਸਥਾਨ ਦੇ ਜੈਪੁਰ, ਜੋਧਪੁਰ, ਹਨੂੰਮਾਨਗੜ੍ਹ ਅਤੇ ਸ੍ਰੀ ਗੰਗਾਨਗਰ ਜ਼ਿਲ੍ਹਿਆਂ ਵਿੱਚ ਜਬਰੀ ਵਸੂਲੀ ਅਤੇ ਕਤਲ ਦੀ ਕੋਸ਼ਿਸ਼ ਦੇ 21 ਤੋਂ ਵੱਧ ਮਾਮਲੇ ਦਰਜ ਹਨ। ਅਨਮੋਲ ਦੀ ਗਿ੍ਰਫਤਾਰੀ ਨੂੰ ਭਾਰਤ ਵਿੱਚ ਸੰਗਠਤ ਅਪਰਾਧ ਅਤੇ ਅੱਤਵਾਦੀ ਫੰਡਿੰਗ ਦੇ ਗਲੋਬਲ ਨੈੱਟਵਰਕ ਨੂੰ ਖਤਮ ਕਰਨ ਵਿੱਚ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।



