ਫਗਵਾੜਾ : ਇੱਥੇ ਇੱਕ ਲਵਾਰਸ ਲਾਸ਼ ਨੂੰ ਸਿਵਲ ਹਸਪਤਾਲ ਤੋਂ ਸ਼ਮਸ਼ਾਨਘਾਟ ਤੱਕ ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਵਾਹਨ ਵਿੱਚ ਲਿਜਾਇਆ ਗਿਆ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਮੀਡੀਆ ਕਰਮਚਾਰੀਆਂ ਵੱਲੋਂ ਸ਼ੂਟ ਕੀਤੀ ਗਈ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵਾਹਨ ਦੇ ਡਰਾਈਵਰ ਨੇ ਦਾਅਵਾ ਕੀਤਾ ਕਿ ਇਹ ਅਭਿਆਸ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਲਾਵਾਰਸ ਲਾਸ਼ਾਂ ਨੂੰ ਅੰਤਮ ਸੰਸਕਾਰ ਲਈ ਕੂੜੇ ਦੇ ਟਰੱਕਾਂ ਵਿੱਚ ਲਿਜਾਇਆ ਜਾਂਦਾ ਹੈ।
ਕਈ ਸਮਾਜ ਭਲਾਈ ਸੰਗਠਨਾਂ ਨੇ ਇਸ ਨੂੰ ਮਨੁੱਖਤਾ ਲਈ ਸ਼ਰਮਨਾਕ ਕਹਿੰਦਿਆਂ ਪ੍ਰਸ਼ਾਸਨਕ ਸੰਵੇਦਨਸ਼ੀਲਤਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਤੁਰੰਤ ਜਵਾਬਦੇਹੀ ਅਤੇ ਲਾਵਾਰਸ ਲਾਸ਼ਾਂ ਨੂੰ ਸੰਭਾਲਣ ਲਈ ਜ਼ਿੰਮੇਵਾਰ ਪ੍ਰਣਾਲੀ ਦੇ ਪੂਰੀ ਤਰ੍ਹਾਂ ਸੁਧਾਰ ਦੀ ਮੰਗ ਕੀਤੀ ਹੈ। ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਉਨ੍ਹਾ ਨੂੰ ਇਸ ਅਭਿਆਸ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਅਤੇ ਭਰੋਸਾ ਦਿੱਤਾ ਕਿ ਜ਼ਿੰਮੇਵਾਰੀ ਤੈਅ ਕਰਨ ਲਈ ਜਾਂਚ ਸ਼ੁਰੂ ਕੀਤੀ ਜਾਵੇਗੀ। ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।





