ਸ੍ਰੀਨਗਰ ਤੋਂ ਵਿਸ਼ਾਲ ਨਗਰ ਕੀਰਤਨ ਰਵਾਨਾ

0
81

ਭਗਵੰਤ ਸਿੰਘ ਮਾਨ, ਕੇਜਰੀਵਾਲ ਤੇ ਉਮਰ ਅਬਦੁੱਲਾ ਨੇ ਸੰਗਤ ਨਾਲ ਕੀਤੀ ਸ਼ਿਰਕਤ

ਸ੍ਰੀਨਗਰ : ਇੱਥੋਂ ਦੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ। ਰਵਾਨਗੀ ਮੌਕੇ ਸੰਗਤ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਿਰਕਤ ਕੀਤੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ ਜੰਮੂ, ਪਠਾਨਕੋਟ, ਦਸੂਹਾ, ਹੁਸ਼ਿਆਰਪੁਰ, ਮਾਹਿਲਪੁਰ ਤੇ ਗੜ੍ਹਸ਼ੰਕਰ ਤੇ ਹੋਰ ਨਗਰਾਂ ਵਿੱਚੋਂ ਗੁਜ਼ਰਦਾ ਹੋਇਆ 22 ਨਵੰਬਰ ਨੂੰ ਨੌਵੇਂ ਪਾਤਸ਼ਾਹ ਵੱਲੋਂ ਵਰੋਸਾਏ ਪਵਿੱਤਰ ਨਗਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਨਗਰ ਕੀਰਤਨ 19 ਨਵੰਬਰ ਦੀ ਰਾਤ ਜੰਮੂ ਵਿਖੇ, 20 ਨਵੰਬਰ ਦੀ ਰਾਤ ਪਠਾਨਕੋਟ ਵਿਖੇ ਅਤੇ 21 ਨਵੰਬਰ ਦੀ ਰਾਤ ਹੁਸ਼ਿਆਰਪੁਰ ਵਿਖੇ ਪੜਾਅ ਕਰੇਗਾ।ਇਸ ਤੋਂ ਪਹਿਲਾਂ ਮਾਨ ਅਤੇ ਕੇਜਰੀਵਾਲ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਉਨ੍ਹਾਂ ਇਸ ਇਤਿਹਾਸਕ ਸਮਾਗਮ ਵਿੱਚ ਸੰਗਤ ਨਾਲ ਹਾਜ਼ਰੀ ਭਰਨ ਲਈ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਗੁਰਦੁਆਰਾ ਛੇਵੀਂ ਪਾਤਸ਼ਾਹੀ ਲੋਕਲ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਤੇ ਸਕੱਤਰ ਗੁਰਮੀਤ ਸਿੰਘ ਅਤੇ ਸੰਤਾਂ-ਮਹਾਂਪੁਰਸ਼ਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਤਰੁਨਪ੍ਰੀਤ ਸਿੰਘ ਸੌਂਦ, ਡਾ. ਬਲਜੀਤ ਕੌਰ, ਲਾਲ ਚੰਦ ਕਟਾਰੂ ਚੱਕ, ਹਰਭਜਨ ਸਿੰਘ ਈ ਟੀ ਓ, ਬਰਿੰਦਰ ਕੁਮਾਰ ਗੋਇਲ, ਡਾ. ਰਵਜੋਤ ਅਤੇ ਹਰਦੀਪ ਸਿੰਘ ਮੁੰਡੀਆਂ, ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਗੁਰਮੀਤ ਸਿੰਘ ਮੀਤ ਹੇਅਰ, ਮਾਲਵਿੰਦਰ ਸਿੰਘ ਕੰਗ, ਮੁੱਖ ਸਕੱਤਰ ਕੇ ਏ ਪੀ ਸਿਨਹਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਤੇ ਹੋਰ ਹਾਜ਼ਰ ਸਨ।