ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਐਲਗਾਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ਵਿੱਚ 2020 ਤੋਂ ਜੇਲ੍ਹਬੰਦ ਕਾਰਕੁਨ ਜਿਓਤੀ ਜਗਤਾਪ ਨੂੰ ਬੁੱਧਵਾਰ ਫਰਵਰੀ 2026 ਵਿੱਚ ਅਗਲੀ ਸੁਣਵਾਈ ਤੱਕ ਅੰਤਰਮ ਜ਼ਮਾਨਤ ਦੇ ਦਿੱਤੀ। ਸੀਨੀਅਰ ਐਡਵੋਕੇਟ ਅਪਰਨਾ ਭੱਟ ਵੱਲੋਂ ਇਹ ਦਲੀਲ ਦੇਣ ਕਿ ਜਗਤਾਪ ਪੰਜ ਸਾਲ ਤੋਂ ਵੱਧ ਸਮੇਂ ਤੋਂ ਸਲਾਖਾਂ ਪਿੱਛੇ ਹੈ, ਜਸਟਿਸ ਐੱਮ ਐੱਮ ਸੁੰਦਰੇਸ਼ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਅੰਤਰਮ ਜ਼ਮਾਨਤ ਦੇ ਹੁਕਮ ਜਾਰੀ ਕਰ ਦਿੱਤੇ। ਹਾਈ ਕੋਰਟ ਨੇ ਇਹ ਕਹਿੰਦਿਆਂ ਜ਼ਮਾਨਤ ਨਹੀਂ ਦਿੱਤੀ ਸੀ ਕਿ ਜਗਤਾਪ ਕਬੀਰ ਕਲਾ ਮੰਚ ਦੀ ਸਰਗਰਮ ਮੈਂਬਰ ਹੈ ਅਤੇ 31 ਦਸੰਬਰ 2017 ਨੂੰ ਪੁਣੇ ਵਿੱਚ ਐਲਗਾਰ ਪ੍ਰੀਸ਼ਦ ਦੇ ਪ੍ਰੋਗਰਾਮ ਵਿੱਚ ਸਟੇਜ ਪਰਫਾਰਮੈਂਸ ਦੌਰਾਨ ਉਸ ਨੇ ਹਮਲਾਵਰ ਤੇ ਅਤਿਅੰਤ ਭੜਕਾਊ ਨਾਅਰੇ ਲਾਏ ਸਨ। ਐੱਨ ਆਈ ਏ ਨੇ ਹਾਈ ਕੋਰਟ ਵਿੱਚ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜਗਤਾਪ ਸੀ ਪੀ ਆਈ (ਮਾਓਵਾਦੀ) ਨਾਲ ਸੰਬੰਧਤ ਜਥੇਬੰਦੀ ਦੀ ਮੈਂਬਰ ਹੈ। ਐੱਨ ਆਈ ਏ ਨੇ ਕਿਹਾ ਸੀ ਕਿ ਪ੍ਰੋਗਰਾਮ ਵਿੱਚ ਭੜਕਾਊ ਤਕਰੀਰਾਂ ਕਾਰਨ ਇੱਕ ਜਨਵਰੀ 2018 ਨੂੰ ਪੁਣੇ ਦੇ ਬਾਹਰ ਕੋਰੇਗਾਓਂ-ਭੀਮਾ ਵਿੱਚ ਹਿੰਸਾ ਭੜਕੀ ਸੀ।




