ਧਮਕੀ ਤੋਂ ਬਾਅਦ ਮੋਦੀ ਨੇ ਕਿਹਾ ਕਿ ਜੰਗ ਖਤਮ ਕਰ ਚੁੱਕੇ ਹਾਂ : ਟਰੰਪ

0
36

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਸ ਨੇ 350 ਫੀਸਦੀ ਟੈਰਿਫ ਲਾਉਣ ਦੀ ਧਮਕੀ ਦੇ ਕੇ ਭਾਰਤ-ਪਾਕਿਸਤਾਨ ਜੰਗ ਰੁਕਵਾਈ ਸੀ। ਟਰੰਪ ਨੇ ਅਮਰੀਕਾ-ਸਾਊਦੀ ਇਨਵੈਸਟਮੈਂਟ ਫੋਰਮ ਵਿੱਚ ਕਿਹਾ, ‘ਮੈਨੂੰ ਸਭ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਫੋਨ ਆਇਆ ਸੀ। ਉਸ ਨੇ ਸ਼ੁਕਰੀਆ ਕਿਹਾ ਤੇ ਦੱਸਿਆ ਕਿ ਮੈਂ ਲੱਖਾਂ ਜਾਨਾਂ ਬਚਾਈਆਂ ਹਨ। ਇਸ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਫੋਨ ਆਇਆ। ਮੋਦੀ ਨੇ ਕਿਹਾ ਕਿ ਅਸੀਂ ਖਤਮ ਕਰ ਚੁੱਕੇ ਹਾਂ। ਮੈਂ ਪੁੱਛਿਆ ਕਿ ਕੀ ਖਤਮ ਕਰ ਚੁੱਕੇ ਹੋ। ਮੋਦੀ ਨੇ ਕਿਹਾ ਕਿ ਅਸੀਂ ਜੰਗ ਨਹੀਂ ਕਰਨ ਜਾ ਰਹੇ।’ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ 7 ਮਈ ਨੂੰ ‘ਅਪ੍ਰੇਸ਼ਨ ਸਿੰਧੂਰ’ ਸ਼ੁਰੂ ਕਰਕੇ ਉਥੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ 10 ਮਈ ਨੂੰ ਦੋਹਾਂ ਦੇਸ਼ਾਂ ਵਿਚਾਲੇ ਜੰਗਬੰਦੀ ਹੋ ਗਈ ਸੀ। ਟਰੰਪ 60 ਤੋਂ ਵੱਧ ਵਾਰ ਦਾਅਵਾ ਕਰ ਚੁੱਕੇ ਹਨ ਕਿ ਜੰਗ ਉਸ ਨੇ ਰੁਕਵਾਈ, ਜਦਕਿ ਭਾਰਤ ਕਹਿ ਚੁੱਕਾ ਹੈ ਕਿ ਜੰਗਬੰਦੀ ਦੋਹਾਂ ਦੇਸ਼ਾਂ ਨੇ ਗੱਲਬਾਤ ਨਾਲ ਕੀਤੀ, ਕਿਸੇ ਦੇ ਦਖਲ ਨਾਲ ਨਹੀਂ।