ਕਸ਼ਮੀਰੀਆਂ ਨਾਲ ਵਿਤਕਰਾ

0
45

10 ਨਵੰਬਰ ਨੂੰ ਲਾਲ ਕਿਲ੍ਹੇ ਕੋਲ ਹੋਏ ਧਮਾਕੇ ਤੋਂ ਬਾਅਦ ਸੂਬੇ ਤੋਂ ਬਾਹਰ ਪੜ੍ਹਾਈ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਕਰਿਆਨਾ ਫਰੋਸ਼ ਉਨ੍ਹਾਂ ਨੂੰ ਚੀਜ਼ਾਂ ਦੇਣ ਤੋਂ ਇਨਕਾਰੀ ਹਨ ਤੇ ਸਾਥੀ ਵਿਦਿਆਰਥੀ ਉਨ੍ਹਾਂ ਦੇ ਪਰਵਾਰਾਂ ਦੇ ਦਹਿਸ਼ਤਗਰਦਾਂ ਨਾਲ ਜੁੜੇ ਹੋਣ ਦੇ ਦੋਸ਼ ਲਾ ਰਹੇ ਹਨ। ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦੇ ਇਕ ਵਿਦਿਆਰਥੀ ਨੇ ਕਿਹਾ ਕਿ ਕਸ਼ਮੀਰੀ ਵਿਦਿਆਰਥੀ ਅਜਿਹੀ ਸਥਿਤੀ ਦਾ ਪਹਿਲੀ ਵਾਰ ਸਾਹਮਣਾ ਨਹੀਂ ਕਰ ਰਹੇ। ਪਹਿਲਗਾਮ ਦੀ ਘਟਨਾ ਤੋਂ ਬਾਅਦ ਵੀ ਉਹ ਡਰ ਦੇ ਮਾਰੇ ਕਈ ਦਿਨ ਆਪਣੇ ਕਮਰਿਆਂ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਸਨ। ਲਾਲ ਕਿਲੇ੍ਹ ਦੀ ਘਟਨਾ ਤੋਂ ਬਾਅਦ ਇੱਕ ਵਿਦਿਆਰਥੀ ਰਾਤ ਦਾ ਖਾਣਾ ਲੈਣ ਗਿਆ ਤਾਂ ਉਥੇ ਖੜ੍ਹੇ ਬੰਦੇ ਨੇ ਪੁੱਛਿਆ ਕਿ ਉਹ ਕਿੱਥੋਂ ਦਾ ਹੈ। ਉਸ ਨੂੰ ਬਿਨਾਂ ਕਿਸੇ ਕਸੂਰ ਦੇ ‘ਪੰਜਾਬ ਦਾ’ ਕਹਿ ਕੇ ਆਪਣੀ ਪਛਾਣ ਛੁਪਾਉਣੀ ਪਈ। ਦਿੱਲੀ ਯੂਨੀਵਰਸਿਟੀ ਵਿੱਚ ਹੀ ਪੜ੍ਹਦੀ ਅਨੰਤਨਾਗ ਦੀ ਕੁੜੀ ਨੇ ਕਿਹਾ ਕਿ ਉਹ ਉੱਤਰੀ ਕੈਂਪਸ ਦੇ ਇੱਕ ਸਟੋਰ ਤੋਂ ਜਦੋਂ ਦੁੱਧ ਲੈਣ ਗਈ ਤਾਂ ਉਸ ਵੇਲੇ ਵੈੈਂਡਰ ਦਿੱਲੀ ਧਮਾਕੇ ਬਾਰੇ ਟੀ ਵੀ ’ਤੇ ਖਬਰ ਦੇਖ ਰਿਹਾ ਸੀ। ਉਸ ਨੇ ਉਸ ਵੱਲ ਦੇਖ ਕੇ ਕਿਹਾ ਕਿ ਉਹ ਮੁਸਲਮਾਨਾਂ ਨੂੰ ਚੀਜ਼ ਨਹੀਂ ਵੇਚਦਾ। ਕਾਲਜ ਵਿੱਚ ਉਸ ਦੇ ਜਮਾਤੀਆਂ ਨੇ ਉਸ ਨੂੰ ਕਿਹਾ ਕਿ ਉਸ ਦੇ ਬੈਗ ਵਿੱਚ ਪੱਥਰ ਹਨ ਜਾਂ ਏ ਕੇ-47? ਹਾਲਾਂਕਿ ਉਨ੍ਹਾਂ ਮਜ਼ਾਕ ਵਿੱਚ ਕਿਹਾ, ਪਰ ਅਜਿਹੇ ਮਜ਼ਾਕ ਕਸ਼ਮੀਰੀਆਂ ਦੇ ਦਿਲਾਂ ਵਿੱਚ ਤੀਰ ਵਾਂਗ ਲਗਦੇ ਹਨ। ਇੱਕ ਹੋਰ ਕੁੜੀ ਨੇ ਕਿਹਾ ਕਿ ਧਮਾਕੇ ਦੀ ਖਬਰ ਤੋਂ ਬਾਅਦ ਉਹ ਇਮਤਿਹਾਨਾਂ ਤੋਂ ਬਾਅਦ ਘਰ ਜਾਣ ਬਾਰੇ ਗੱਲਾਂ ਕਰ ਰਹੀਆਂ ਸਨ ਤਾਂ ਜੂਨੀਅਰ ਕੁੜੀ ਨੇ ਕਿਹਾ, ‘ਘਰ ਚਲੀਆਂ ਜਾਓ, ਨਹੀਂ ਤਾਂ ਤੁਸੀਂ ਸਾਨੂੰ ਸਭ ਨੂੰ ਉਡਾ ਦਿਓਂਗੀਆਂ।’
ਜੰਮੂ ਐਂਡ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ, ਜਿਹੜੀ ਸੂਬੇ ਵਿੱਚ ਵਿਦਿਆਰਥੀ ਸਰਗਰਮੀਆਂ ’ਤੇ ਰੋਕ ਕਾਰਨ ਸੂਬੇ ਤੋਂ ਬਾਹਰ ਕਸ਼ਮੀਰੀ ਵਿਦਿਆਰਥੀਆਂ ਦੇ ਹਿੱਤਾਂ ਲਈ ਸਰਗਰਮੀ ਕਰਦੀ ਹੈ, ਨੇ ਧਮਾਕੇ ਦੀ ਕਰੜੀ ਨਿੰਦਾ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਇਸ ਘਟਨਾ ਨੇ ਸੂਬੇ ਤੋਂ ਬਾਹਰ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਗੰਭੀਰ ਸੰਕਟ ਵਿੱਚ ਫਸਾ ਦਿੱਤਾ ਹੈ। ਲੋਕਾਂ ਤੋਂ ਇਲਾਵਾ ਪੁਲਸ ਵੱਲੋਂ ਉਨ੍ਹਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਣ ਕਾਰਨ ਕਈ ਵਿਦਿਆਰਥੀ ਤਾਂ ਪੜ੍ਹਾਈ ਤੇ ਇਮਤਿਹਾਨ ਛੱਡ ਕੇ ਘਰਾਂ ਨੂੰ ਪਰਤ ਆਏ ਹਨ। ਉੱਤਰਾਖੰਡ ਦੇ ਦੇਹਰਾਦੂਨ ਵਿੱਚ ਪੁਲਸ ਨੇ 1700 ਕਸ਼ਮੀਰੀ ਵਿਦਿਆਰਥੀਆਂ ਦੀ ਨਿਗਰਾਨੀ ਸਖਤ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਮੋਬਾਇਲਾਂ ’ਤੇ ਕੀਤੀ ਜਾਂਦੀ ਗੱਲਬਾਤ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਪਿਛੋਕੜ ਜਾਨਣ ਲਈ ਨਵੇਂ ਸਿਰਿਓਂ ਮੁਹਿੰਮ ਵਿੱਢੀ ਹੋਈ ਹੈ। ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਮਾਮਲੇ ਵਿੱਚ ਫੌਰੀ ਦਖਲ ਦੇ ਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਧਰਵਾਸ ਦਿਵਾਉਣ।
ਕਸ਼ਮੀਰ ਨੂੰ ‘ਧਰਤੀ ਦਾ ਸਵਰਗ’ ਕਿਹਾ ਜਾਂਦਾ ਹੈ, ਪਰ ਤ੍ਰਾਸਦੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਵਾਰ-ਵਾਰ ਭਾਰਤ ਪ੍ਰਤੀ ਇਮਾਨਦਾਰ ਹੋਣ ਦਾ ਸਬੂਤ ਦੇਣਾ ਪੈਂਦਾ ਹੈ। ਪਹਿਲਗਾਮ ਦੀ ਘਟਨਾ ਤੋਂ ਬਾਅਦ ਕਸ਼ਮੀਰੀਆਂ ਨੇ ਦਹਿਸ਼ਤਗਰਦੀ ਵਿਰੁੱਧ ਵਾਦੀ ਵਿੱਚ ਵੱਡੇ-ਵੱਡੇ ਮਾਰਚ ਕੀਤੇ, ਪਰ ਇਸ ਦੇ ਬਾਵਜੂਦ ਕੁਝ ਸੂਬਿਆਂ ਵਿੱਚ ਅਜੇ ਵੀ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਬੰਦ ਨਹੀਂ ਹੋਇਆ। ਕਸ਼ਮੀਰੀਆਂ ਪ੍ਰਤੀ ਇਹ ਸੋਚ ਦੇਸ਼ ਲਈ ਘਾਤਕ ਹੈ।