ਰੂਪਨਗਰ : ਨੰਗਲ ਵਿੱਚ ਬੀ ਬੀ ਐੱਮ ਬੀ ਦੇ ਬਾਰਮੁਲਾ ਬੈਰੀਅਰ ’ਤੇ ਤਾਇਨਾਤ ਪੰਜਾਬ ਪੁਲਸ ਦੇ ਏ ਐੱਸ ਆਈ ਅਮਰ ਚੰਦ ਦੀ ਆਪਣੇ ਹੀ ਸਰਵਿਸ ਰਿਵਾਲਵਰ ’ਚੋਂ ਚੱਲੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸੂਤਰਾਂ ਦੱਸਿਆ ਕਿ ਅਮਰ ਚੰਦ ਸ਼ਨੀਵਾਰ ਰਾਤ ਪੰਜਾਬ-ਹਿਮਾਚਲ ਬੈਰੀਅਰ ’ਤੇ ਨੰਗਲ ਕਸਬੇ ਵਿੱਚ ਭਾਖੜਾ ਡੈਮ ਤੱਕ ਬੀ ਬੀ ਐਮ ਬੀ ਸੁਰੱਖਿਆ ਬੈਰੀਅਰ ’ਤੇ ਡਿਊਟੀ ਦੇ ਰਿਹਾ ਸੀ। ਬੈਰੀਅਰ ’ਤੇ ਤਾਇਨਾਤ ਹੋਰ ਪੁਲਸ ਮੁਲਾਜ਼ਮਾਂ ਨੇ ਉਸ ਦੇ ਕਮਰੇ ’ਚੋਂ ਗੋਲੀ ਚੱਲਣ ਦੀ ਆਵਾਜ਼ ਸੁਣੀ। ਉਹ ਭੱਜ ਕੇ ਅੰਦਰ ਗਏ ਤਾਂ ਉਨ੍ਹਾਂ ਏ ਐੱਸ ਆਈ ਨੂੰ ਖੂਨ ਨਾਲ ਲਥਪਥ ਫਰਸ਼ ’ਤੇ ਪਿਆ ਦੇਖਿਆ। ਅਮਰ ਚੰਦ ਨੂੰ ਨੰਗਲ ਦੇ ਬੀ ਬੀ ਅੱੈਮ ਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਪੁਲਸ ਸੂਤਰਾਂ ਨੇ ਦਾਅਵਾ ਕੀਤਾ ਕਿ ਏ ਐੱਸ ਆਈ ਦੀ ਮੌਤ ਉਸ ਦੇ ਸਰਵਿਸ ਰਿਵਾਲਵਰ ਵਿੱਚੋਂ ਅਚਾਨਕ ਗੋਲੀ ਲੱਗਣ ਕਾਰਨ ਹੋਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਕੇਸ ਦਰਜ ਕੀਤਾ ਜਾਵੇਗਾ।




