ਬਰੈਂਪਟਨ ’ਚ ਘਰ ਨੂੰ ਅੱਗ ਲੱਗਣ ਨਾਲ 3 ਪੰਜਾਬੀਆਂ ਦੀ ਮੌਤ

0
79

ਬਰੈਂਪਟਨ : ਬਰੈਂਪਟਨ ਦੇ ਪੱਛਮੀ ਪਾਸੇ ਬਨਾਸ ਵੇਅ ਸਥਿਤ ਇੱਕ ਘਰ ਨੂੰ ਰਾਤ ਵੇਲੇ ਲੱਗੀ ਅੱਗ ਵਿੱਚ ਕਿਰਾਏ ’ਤੇ ਰਹਿੰਦੇ ਪਰਵਾਰ ਦੇ ਤਿੰਨ ਜੀਆਂ ਦੀ ਸੜ ਕੇ ਮੌਤ ਹੋ ਗਈ, ਜਦੋਂ ਕਿ ਗਰਭਵਤੀ ਮਹਿਲਾ ਸਮੇਤ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੰਜਾਬੀ ਦੱਸੇ ਜਾਂਦੇ ਪਰਵਾਰ ਦੇ ਦੋ ਜੀਅ ਲਾਪਤਾ ਹਨ। ਇਸ ਘਰ ਦਾ ਮਕਾਨ ਮਾਲਕ ਵੀ ਪੰਜਾਬੀ ਦੱਸਿਆ ਜਾਂਦਾ ਹੈ। ਅੱਗ ਬੁਝਾਊ ਅਮਲੇ ਵੱਲੋਂ ਦੂਜੇ ਦਿਨ ਸ਼ਾਮ ਤੱਕ ਸੜੀ ਇਮਾਰਤ ਦੇ ਮਲਬੇ ਦੀ ਫਰੋਲਾ-ਫਰਾਲੀ ਕਰਕੇ ਲਾਪਤਾ ਜੀਆਂ ਦੀ ਹੋਣੀ ਦਾ ਪਤਾ ਲਾਇਆ ਗਿਆ। ਫਾਇਰ ਬਿ੍ਰਗੇਡ ਅਧਿਕਾਰੀ ਨੇ ਦੱਸਿਆ ਕਿ ਰਾਤ ਢਾਈ ਕੁ ਵਜੇ ਅੱਗ ਦੀ ਸੂਚਨਾ ਮਿਲਣ ’ਤੇ ਉਹ ਮੌਕੇ ਉੱਤੇ ਪਹੁੰਚੇ ਤਾਂ ਉਪਰਲੀ ਮੰਜ਼ਲ ਪੂਰੀ ਤਰਾਂ ਅੱਗ ਦੀ ਲਪੇਟ ਵਿੱਚ ਸੀ। ਉਨ੍ਹਾ ਤੁਰੰਤ ਆਲੇ-ਦੁਆਲੇ ਦੇ ਘਰ ਖਾਲੀ ਕਰਵਾਏ ਅਤੇ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੌਰਾਨ ਅੰਦਰੋਂ ਇੱਕ ਬੱਚੇ ਸਮੇਤ ਦੋ ਜਣਿਆਂ ਦੀਆਂ ਲਾਸ਼ਾਂ ਮਿਲੀਆਂ। ਪਰਵਾਰ ਦੇ ਚਾਰ ਜਣੇ, ਜਿਨ੍ਹਾਂ ਵਿਚ ਇੱਕ ਗਰਭਵਤੀ ਔਰਤ ਤੇ 5 ਸਾਲ ਦਾ ਬੱਚਾ ਸੀ, ਨੇ ਖਿੜਕੀ ਰਾਹੀਂ ਕੁੱਦ ਕੇ ਜਾਨ ਤਾਂ ਬਚਾ ਲਈ, ਪਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਉਂਟਾਰੀਓ ਦੇ ਮੁੱਖ ਮੰਤਰੀ ਨੇ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਹੈ। ਪਰਵਾਰ ਦੇ ਕਿਸੇ ਮੈਂਬਰ ਦੀ ਪਛਾਣ ਅਜੇ ਅਧਿਕਾਰਤ ਤੌਰ ’ਤੇ ਜਨਤਕ ਨਹੀਂ ਕੀਤੀ ਗਈ, ਪਰ ਆਂਢ-ਗੁਆਂਢ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪੰਜਾਬੀ ਹਨ ਅਤੇ ਕਈ ਸਾਲਾਂ ਤੋਂ ਕਿਰਾਏ ’ਤੇ ਰਹਿੰਦੇ ਸਨ। ਕੁਝ ਲੋਕਾਂ ਨੇ ਦੱਸਿਆ ਕਿ ਪੀੜਤ ਪਰਵਾਰ ਨੂੰ ਮਾਲਕ ਬਾਰੇ ਪੁੱਛਣ ’ਤੇ ਉਹ ਕੋਈ ਉੱਘ-ਸੁੱਘ ਨਹੀਂ ਸੀ ਕੱਢਦੇ। ਤਫ਼ਤੀਸ਼ਕਾਰਾਂ ਵੱਲੋਂ ਅਜੇ ਤੱਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ। ਸਰਕਾਰ ਵੱਲੋਂ ਵਿਦੇਸ਼ ਬੈਠੇ ਮਾਲਕ ਦਾ ਅਤਾ-ਪਤਾ ਲਾਉਣ ਲਈ ਉਸ ਦੇ ਸੰਪਰਕਾਂ ਦਾ ਪਤਾ ਲਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਘਰ ਦਾ ਮਾਲਕ ਪੰਜਾਬ ਦਾ ਸਰਕਾਰੀ ਅਧਿਕਾਰੀ ਹੈ।