ਐੱਸ ਡੀ ਐੱਮ ਦਫਤਰ ਅੱਗੇ ਮੋਰਚਾ ਜਾਰੀ ਰਹੇਗਾ, ਜੀ ਟੀ ਰੋਡ ਦਾ ਜਾਮ ਖੋਲ੍ਹਿਆ

0
363

ਫਿਲੌਰ (ਹਰਜਿੰਦਰ ਕੌਰ ਚਾਹਲ, ਨਿਰਮਲ)
ਸਥਾਨਕ ਜੀ ਟੀ ਰੋਡ ’ਤੇ ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਇੱਕ ਘੰਟੇ ਦੇ ਜਾਮ ਦੌਰਾਨ ਪ੍ਰਸ਼ਾਸਨ ਵਲੋਂ ਗੱਲਬਾਤ ਦਾ ਸੱਦਾ ਆਉਣ ’ਤੇ ਜਾਮ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਏ ਡੀ ਸੀ ਜਲੰਧਰ ਸਮੇਤ ਹੋਰ ਅਧਿਕਾਰੀਆਂ ਦੀ ਹਾਜਰੀ ’ਚ ਹੋਈ ਗੱਲਬਾਤ ਦੌਰਾਨ ਪ੍ਰਸ਼ਾਸਨ ਨੇ ਮੁਖ ਮੰਤਰੀ ਦਫਤਰ ਤੋਂ ਸ਼ਨੀਵਾਰ ਤੱਕ ਮੰਗਾਂ ਮਨਵਾਉਣ ਦਾ ਭਰੋਸਾ ਦਿੱਤਾ। ਪੀੜਤ ਪਰਵਾਰਾਂ ਨੇ ਮਿ੍ਰਤਕ ਮਜਦੂਰਾਂ ਦਾ ਅੱਜ ਵੀ ਸਸਕਾਰ ਨਹੀਂ ਕੀਤਾ। ਇਸ ਦੌਰਾਨ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਪ੍ਰੈੱਸ ਸਕੱਤਰ ਕਸ਼ਮੀਰ ਘੁੱਗਸ਼ੋਰ, ਦਿਹਾਤੀ ਮਜਦੂਰ ਸਭਾ ਦੇ ਸੂਬਾ ਆਗੂ ਪਰਮਜੀਤ ਰੰਧਾਵਾ, ਜਰਨੈਲ ਫਿਲੌਰ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਵਿੱਤ ਸਕੱਤਰ ਹਰਮੇਸ਼ ਮਾਲੜੀ, ਪੰਜਾਬ ਖੇਤ ਮਜਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਗੁਲਜਾਰ ਗੌਰੀਆ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗੁਰਬਿੰਦਰ ਸਿੰਘ ਬੌੜਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਮੀਟਿੰਗ ਉਪਰੰਤ ਹੀ ਸਬੰਧਤ ਕੇਸ ਦੀ ਫਾਈਲ ਮੁਖ ਮੰਤਰੀ ਦਫਤਰ ਭੇਜਣਾ ਸਾਬਤ ਕਰਦਾ ਹੈ ਕਿ ਅਧਿਕਾਰੀ ਬੁੱਧਵਾਰ ਨੂੰ ਵਾਪਰੇ ਹਾਦਸੇ ਤੋਂ ਬਾਅਦ ਵੀ ਗੰਭੀਰ ਨਹੀਂ ਸਨ। ਇਹ ਗੰਭੀਰਤਾ ਵੀ ਉਸ ਵੇਲੇ ਹੀ ਹੋਈ ਹੈ ਜਦੋਂ ਜਥੇਬੰਦੀਆਂ ਨੇ ਜੀਟੀ ਰੋਡ ਨੂੰ ਜਾਮ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਨਵੀਂ ਸਰਕਾਰ ਦਾ ਅਖੌਤੀ ਬਦਲਾਅ ਸਾਬਤ ਕਰਦਾ ਹੈ ਕਿ ਇਹ ਮਜਦੂਰਾਂ ਦੇ ਮਸਲੇ ਹੱਲ ਕਰਨ ਲਈ ਜਰਾ ਵੀ ਸੰਵੇਦਨਸ਼ੀਲ ਨਹੀਂ ਹੈ। ਆਗੂਆਂ ਹੰਸ ਰਾਜ ਪੱਬਵਾ, ਨਿਰਮਲ ਮਲਸੀਆ, ਦਰਸ਼ਨ ਪਾਲ ਬੰਡਾਲਾ, ਦੇਵੀ ਕੁਮਾਰੀ, ਜਗਤਾਰ ਸਿੰਘ ਤੋਲੇਵਾਲਾ ਅਤੇ ਸੁਖਜਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਜੀਟੀ ਰੋਡ ਦੇ ਦੋਨੋਂ ਪਾਸੇ ਜਾਮ ਕਰਨ ਦੇ ਐਕਸ਼ਨ ਨੂੰ ਕੱਲ੍ਹ ਲਈ ਮੁਲਤਵੀ ਕਰਦਿਆਂ ਐਸ ਡੀ ਐਮ ਦਫਤਰ ਅੱਗੇ ਮੋਰਚਾ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਨੀਆਂ ਮੰਗਾਂ ਨੂੰ ਜਲਦੀ ਹੱਲ ਨਾ ਕੀਤਾ ਤਾਂ ਕੌਮੀ ਮਾਰਗ ਬੰਦ ਕੀਤਾ ਜਾਵੇਗਾ।
ਕਿਸਾਨ ਜਥੇਬੰਦੀਆਂ ਨੇ ਕੀਤੀ ਹਮਾਇਤ-ਇਸ ਅੰਦੋਲਨ ਨੂੰ ਉਸ ਵਕਤ ਹੋਰ ਬਲ ਮਿਲਿਆ ਜਦੋਂ ਸੰਘਰਸਸ਼ੀਲ ਕਿਸਾਨ ਤੇ ਹੋਰ ਜਥੇਬੰਦੀਆਂ ਮਜਦੂਰ ਮੋਰਚੇ ਦੀ ਪਿੱਠ ’ਤੇ ਆਣ ਖੜੀਆਂ ਹੋਈਆਂ। ਜਿਸ ’ਚ ਉਚੇਚੇ ਤੌਰ ’ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅਮਰੀਕ ਸਿੰਘ ਭਾਰ ਸਿੰਘ ਪੁਰੀ, ਜਮਹੂਰੀ ਕਿਸਾਨ ਸਭਾ ਦੇ ਤਰਜਿੰਦਰ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਵਿੱਤ ਸਕੱਤਰ ਹਰਨੇਕ ਸਿੰਘ ਮਾਲੜੀ, ਸਥਾਨਕ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ, ਪੰਜਾਬ ਸਟੂਡਂੈਟਸ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਐਡਵੋਕੇਟ ਅਜੈ ਫਿਲੌਰ ਤੇ ਮੱਖਣ ਸੰਗਰਾਮੀ, ਆਲ ਇੰਡੀਆ ਕਿਸਾਨ ਸਭਾ ਦੇ ਸੂਰਤ ਸਿੰਘ ਧਰਮਕੋਟ, ਏਟਕ ਦੇ ਸੂਬਾ ਪ੍ਰਧਾਨ ਬੰਤ ਸਿੰਘ ਬਰਾੜ ਨੇ ਆਪਣੇ ਸੰਬੋਧਨਾਂ ਰਾਹੀਂ ਹਮਾਇਤ ਕੀਤੀ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਸੰਧੂ, ਮੇਜਰ ਫਿਲੌਰ, ਸਵਰਨ ਸਿੰਘ ਅਕਲਪੁਰੀ, ਲਖਵੰਤ ਕਿਰਤੀ ਅੰਗਰੇਜ਼ ਸਿੰਘ ਗੋਰਾਮੱਤਾ, ਗੁਰਪ੍ਰੀਤ ਸਿੰਘ ਚੀਦਾ, ਹਰੀ ਰਾਮ ਰਸੂਲਪੁਰੀ, ਜੀ ਐਸ ਅਟਵਾਲ, ਚਰਨਜੀਤ ਸਿੰਘ ਥੰਮੂਵਾਲ, ਹਰਪ੍ਰੀਤ ਸਿੰਘ ਉਪਲ, ਮੱਖਣ ਸਿੰਘ ਕੰਦੋਲਾ, ਬੀਬੀ ਹਰਪ੍ਰੀਤ ਕੌਰ ਨੂਸੀ, ਬੂਟਾ ਸਿੰਘ ਸ਼ਾਦੀਪੁਰ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here