ਪਟਿਆਲਾ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਦੇਸ਼ ਵਿੱਚ ਧੱਕੇ ਨਾਲ ਲਾਗੂ ਕਰਨ ਅਤੇ ਬਿਜਲੀ ਸੋਧ ਬਿੱਲ 2025 ਦੇ ਲੋਕ ਵਿਰੋਧੀ ਖਰੜੇ ਖਿਲਾਫ਼ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਸਾਂਝੇ ਸੰਗਠਨਾਂ ਨੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਦੇਸ਼-ਵਿਆਪੀ ਸੱਦੇ ’ਤੇ ਸਮੁੱਚੇ ਪੰਜਾਬ ਦੇ ਬਿਜਲੀ ਦਫਤਰਾਂ ਵਿੱਚ ਡਵੀਜ਼ਨ ਪੱਧਰ ’ਤੇ ਲੇਬਰ ਕੋਡਾਂ ਦੇ ਨੋਟੀਫਿਕੇਸ਼ਨ ਅਤੇ ਬਿਜਲੀ ਸੋਧ ਬਿੱਲ 2025 ਦੇ ਖਰੜੇ ਦੀਆਂ ਕਾਪੀਆਂ ਫੂਕ ਕੇ ਕੇਂਦਰ ਸਰਕਾਰ ਦਾ ਜ਼ੋਰਦਾਰ ਪਿੱਟ-ਸਿਆਪਾ ਕੀਤਾ। ਸੂਬਾ ਭਰ ਦੇ ਬਿਜਲੀ ਦਫਤਰਾਂ ਵਿੱਚ ਰੋਸ ਪ੍ਰਦਰਸ਼ਨਾਂ ਵਿੱਚ ਇਕੱਤਰ ਹੋਏ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੰਬੰਧਤ ਏਟਕ), ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ (ਪਹਿਲਵਾਨ) ਨਾਲ ਸੰਬੰਧਤ ਜਥੇਬੰਦੀਆਂ ਦੇ ਆਗੂਆਂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਸੁਖਵਿੰਦਰ ਸਿੰਘ ਚਾਹਲ, ਸਰਬਜੀਤ ਸਿੰਘ ਭਾਣਾ, ਜਰਨੈਲ ਸਿੰਘ, ਗੁਰਵਿੰਦਰ ਸਿੰਘ ਹਜ਼ਾਰਾ, ਦਵਿੰਦਰ ਸਿੰਘ ਪਿਸੋਰ, ਰਣਜੀਤ ਸਿੰਘ ਢਿੱਲੋਂ, ਕੌਰ ਸਿੰਘ ਸੋਹੀ, ਰਾਧੇਸ਼ਿਆਮ, ਮਨਜੀਤ ਸਿੰਘ ਚਾਹਲ, ਰਵੇਲ ਸਿੰਘ ਸਹਾਏਪੁਰ, ਸੁਖਵਿੰਦਰ ਭਗਤ, ਕਰਮਜੀਤ ਸਿੰਘ ਪਟਿਆਲਾ, ਬਾਬਾ ਅਮਰਜੀਤ ਸਿੰਘ ਆਦਿ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਿਹਨਤਕਸ਼ ਜਮਾਤ ਦੇ ਹਿੱਤ ਸੁਰੱਖਿਅਤ ਰੱਖਣ ਵਾਲੇ 29 ਲੇਬਰ ਕੋਡ ਖਤਮ ਕਰਕੇ ਪੂੰਜੀਪਤੀਆਂ ਦੇ ਹਿੱਤ ਪੂਰਨ ਵਾਲੇ ਚਾਰ ਲੇਬਰ ਕੋਡ ਦੇਸ਼ ਵਿੱਚ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਕਿਰਤੀ ਲੋਕਾਂ ਦੀ ਲੁੱਟ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ । ਆਗੂਆਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਦਾ ਲੋਕ ਵਿਰੋਧੀ ਖਰੜਾ ਤਿਆਰ ਕਰਕੇ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿੱਚ ਕਾਨੂੰਨ ਪਾਸ ਕਰਕੇ ਲੋਕ ਵਿਰੋਧੀ ਮਨਸੂਬਿਆਂ ਨੂੰ ਅੰਤਿਮ ਛੋਹਾਂ ਦੇ ਦੇਵੇਗੀ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮਜ਼ਦੂਰ ਅਤੇ ਮੁਲਾਜ਼ਮ ਸੰਘਰਸ਼ਾਂ ਦੇ ਬਲਬੂਤੇ ਲਗਾਤਾਰ ਕਾਲੇ ਕਾਨੂੰਨਾਂ ਦਾ ਵਿਰੋਧ ਜਾਰੀ ਰੱਖਣਗੇ । ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਗੁਰਭੇਜ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਢਿੱਲੋਂ, ਇੰਜੀ. ਹਰਮਨਦੀਪ, ਜਸਵੀਰ ਸਿੰਘ ਆਂਡਲੂ, ਬਲਜੀਤ ਸਿੰਘ ਮੋਦਲਾ, ਚਮਕੌਰ ਸਿੰਘ ਬੀਰਮੀ, ਦਲੀਪ ਕੁਮਾਰ, ਪੂਰਨ ਸਿੰਘ ਖਾਈ, ਗੁਰਪਿਆਰ ਸਿੰਘ, ਸੁਖਵਿੰਦਰ ਸਿੰਘ ਦੁਮਣਾ, ਪਵਨਪ੍ਰੀਤ ਸਿੰਘ ਆਦਿ ਨੇ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਲਈ ਪਾਵਰਕਾਮ ਅਦਾਰੇ ਵਿੱਚ ਪੰਜਾਬ ਸਰਕਾਰ ਦੀ ਬੇਲੋੜੀ ਦਖਲ-ਅੰਦਾਜ਼ੀ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਇਸ ਸਨਅਤੀ ਅਦਾਰੇ ਨੂੰ ਆਪਣੀਆਂ ਰਾਜਸੀ ਲੋੜਾਂ ਲਈ ਵਰਤਣਾ ਤੁਰੰਤ ਬੰਦ ਕੀਤਾ ਜਾਵੇ।
ਅੱਜ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਬਿਜਲੀ ਦਫਤਰਾਂ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ ਇਤਿਹਾਸਕ ਕਿਸਾਨੀ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਮੌਕੇ ਕੀਤੇ ਰੋਸ ਪ੍ਰਦਰਸ਼ਨ ਵਿੱਚ ਵੱਡੇ ਪੱਧਰ ’ਤੇ ਹਿੱਸਾ ਲੈ ਕੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ । ਆਗੂਆਂ ਨੇ ਕਿਹਾ ਕਿ ਹਾਕਮਾਂ ਦੇ ਲੋਕ ਵਿਰੋਧੀ ਮਨਸੂਬਿਆਂ ਵਿਰੁੱਧ ਵੱਡੀ ਲਾਮਬੰਦੀ ਲਈ 29 ਨਵੰਬਰ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਯਾਦਗਾਰੀ ਭਵਨ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।





