ਨਿਊ ਯਾਰਕ : ਕਈ ਦੇਸ਼ਾਂ ਦੀਆਂ ਕੇਂਦਰੀ ਬੈਂਕਾਂ ਵੱਲੋਂ ਮੁਦਰਾ ਨੀਤੀ ਸਖਤ ਕਰਨ ਦਰਮਿਆਨ ਦੁਨੀਆ ਨੂੰ ਅਗਲੇ ਸਾਲ ਮੰਦਵਾੜੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਗੱਲ ਸੰਸਾਰ ਬੈਂਕ ਨੇ ਨਵੀਂ ਰਿਪੋਰਟ ਵਿਚ ਕਹੀ ਹੈ। ਰਿਪੋਰਟ ’ਚ ਨੋਟਪਸਾਰਾ ਰੋਕਣ ਲਈ ਉਤਪਾਦਨ ਵਧਾਉਣ ਤੇ ਸਪਲਾਈ ਵਿਚ ਅੜਿੱਕੇ ਦੂਰ ਕਰਨ ਦਾ ਸੱਦਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਸੰਸਾਰ ਮੰਦੀ ਦੇ ਕਈ ਸੰਕੇਤ ਸਾਫ ਨਜ਼ਰ ਆ ਰਹੇ ਹਨ। 1970 ਤੋਂ ਬਾਅਦ ਆਰਥਿਕਤਾ ਦੇ ਸੰਭਲਣ ਤੋਂ ਬਾਅਦ ਹੁਣ ਇਹ ਫਿਰ ਤੇਜ਼ੀ ਨਾਲ ਥੱਲੇ ਜਾ ਰਹੀ ਹੈ। ਬੈਂਕ ਦਾ ਕਹਿਣਾ ਹੈ ਕਿ ਨੋਟਪਸਾਰਾ ਤੇ ਮਹਿੰਗਾਈ ਰੋਕਣ ਲਈ ਯੂਰਪ ਤੋਂ ਲੈ ਕੇ ਭਾਰਤ ਤੱਕ ਕਈ ਦੇਸ਼ ਤੇਜ਼ੀ ਨਾਲ ਕਰਜ਼ਾ ਦਰਾਂ ਵਧਾ ਰਹੇ ਹਨ, ਪਰ ਇਸ ਦਾ ਉਲਟ ਅਸਰ ਇਹ ਪੈ ਰਿਹਾ ਹੈ ਕਿ ਪੰੂਜੀਨਿਵੇਸ਼ ਨਹੀਂ ਹੋ ਰਿਹਾ, ਨੌਕਰੀਆਂ ਨਿਕਲਣ ਦੀ ਥਾਂ ਘਟ ਰਹੀਆਂ ਹਨ ਅਤੇ ਵਿਕਾਸ ਦਰ ਘਟ ਰਹੀ ਹੈ। ਸੰਸਾਰ ਬੈਂਕ ਦੇ ਪ੍ਰਧਾਨ ਡੈਵਿਡ ਮਲਪਾਸ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਦੇਸ਼ਾਂ ਦੇ ਮੰਦੇ ਵਿਚ ਜਾਣ ਕਾਰ ਸੰਸਾਰ ਵਿਕਾਸ ਦਰ ਘਟ ਰਹੀ ਹੈ ਤੇ ਜੇ ਇਹੀ ਰੁਝਾਨ ਜਾਰੀ ਰਿਹਾ ਤਾਂ ਵਿਕਾਸਸ਼ੀਲ ਦੇਸ਼ਾਂ ਦੀ ਹਾਲਤ ਬਹੁਤ ਖਰਾਬ ਹੋਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂਕਰੇਨ ਦੀ ਜੰਗ ਕਾਰਨ ਖੁਰਾਕ ਸਪਲਾਈ ਵਿਚ ਵਿਘਨ, ਕੋਰੋਨਾ ਮਹਾਂਮਾਰੀ ਨਾਲ ਖੁਰਾਕ ਸਪਲਾਈ ’ਤੇ ਪਏ ਅਸਰ, ਚੀਨ ਵੱਲੋਂ ਮਹਾਂਮਾਰੀ ਦੌਰਾਨ ਸਖਤ ਪਾਬੰਦੀਆਂ ਕਾਰਨ ਉਥੇ ਮੰਗ ਵਿਚ ਕਮੀ ਅਤੇ ਅਣਕਿਆਸੇ ਮੌਸਮ ਕਾਰਨ ਖੇਤੀ ਉਪਜ ’ਤੇ ਮਾੜੇ ਅਸਰ ਕਾਰਨ ਨੋਟਪਸਾਰਾ ਵਧ ਰਿਹਾ ਹੈ।