ਭਗਵੰਤ ਮਾਨ ਨੇ ਨਿਵੇਸ਼ ਲਈ ਪੰਜਾਬ ਨੂੰ ਸਭ ਤੋਂ ਪਸੰਦੀਦਾ ਸਥਾਨ ਦੱਸਿਆ

0
20

ਟੋਕੀਓ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਜਾਪਾਨ ਦੇ ਕਾਰੋਬਾਰੀ ਦਿੱਗਜ਼ਾਂ ਅੱਗੇ ਸੂਬੇ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੇਸ਼ ਕਰਦਿਆਂ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਪੰਜਾਬ ’ਚ ਨਿਵੇਸ਼ ਦਾ ਸੱਦਾ ਦਿੱਤਾ।ਆਪਣੀ ਜਾਪਾਨ ਫੇਰੀ ਦੇ ਪਹਿਲੇ ਦਿਨ ਮੁੱਖ ਮੰਤਰੀ ਨੇ ਜੇ ਬੀ ਆਈ ਸੀ, ਆਈਸਨ ਇੰਡਸਟਰੀ, ਯਾਮਾਹਾ, ਹੌਂਡਾ ਮੋਟਰ, ਜੇ ਆਈ ਸੀ ਏ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ, ਟੋਰੇ ਇੰਡਸਟਰੀਜ਼, ਪਾਰਲੀਮੈਂਟਰੀ ਵਾਈਸ-ਮਨਿਸਟਰ ਆਫ਼ ਇਕਨਾਮੀ, ਵਪਾਰ ਅਤੇ ਉਦਯੋਗ (ਐਮ ਈ ਟੀ ਆਈ), ਫੁਜਿਤਸੂ ਲਿਮਟਿਡ ਅਤੇ ਹੋਰਾਂ ਨਾਲ ਗੱਲਬਾਤ ਕੀਤੀ।ਵਿਚਾਰ-ਵਟਾਂਦਰੇ ਦੌਰਾਨ ਭਗਵੰਤ ਸਿੰਘ ਮਾਨ ਨੇ ਐਡਵਾਂਸਡ ਮੈਨੂਫੈਕਚਰਿੰਗ, ਮੋਬਿਲਟੀ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਗਲੋਬਲ ਸਰਵਿਸਿਜ਼ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਜਾਪਾਨ ਨਾਲ ਰਣਨੀਤਕ ਸਮਝੌਤੇ ਦੀ ਇੱਛਾ ਪ੍ਰਗਟਾਈ।ਮੁੱਖ ਮੰਤਰੀ ਨੇ ਨਿਵੇਸ਼ਕਾਂ ਨੂੰ 13-15 ਮਾਰਚ 2026 ਨੂੰ ਆਈ ਐਸ ਬੀ ਮੋਹਾਲੀ ਕੈਂਪਸ, ਪੰਜਾਬ ਵਿਖੇ ਹੋਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਿਵੇਸ਼ ਲਈ ਦਿੱਤੇ ਨਿੱਘੇ ਸੱਦੇ ਪ੍ਰਤੀ ਜਾਪਾਨੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਦੀ ਡੂੰਘੀ ਦਿਲਚਸਪੀ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਨਿਵੇਸ਼ ਨਾਲ ਨਾ ਸਿਰਫ਼ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ ਬਲਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਬਲ ਦੇਣਗੇ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਜਾਪਾਨੀ ਨਿਵੇਸ਼ਕਾਂ ਨੂੰ ਹਰ ਪੱਖੋਂ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ।