ਦੂਰਸੰਚਾਰ ਮੰਤਰਾਲੇ ਵੱਲੋਂ ਸਾਰੇ ਨਵੇਂ ਮੋਬਾਇਲ ਫੋਨਾਂ ਵਿੱਚ ਸਰਕਾਰ ਦੀ ਮਾਲਕੀ ਵਾਲੀ ਸਾਈਬਰ ਸੁਰੱਖਿਆ ਐਪ ‘ਸੰਚਾਰ ਸਾਥੀ’ ਪਹਿਲਾਂ ਤੋਂ ਇੰਸਟਾਲ ਕਰਨ ’ਤੇ ਉਸ ਨੂੰ ਫੋਨ ਤੋਂ ਨਾ ਹਟਾਉਣ ਦੇ ਨਿਰਦੇਸ਼ਾਂ ਦੇ ਬਾਅਦ ਹੋਏ ਭਾਰੀ ਵਿਰੋਧ ਦਰਮਿਆਨ ਕੇਂਦਰੀ ਸੰਚਾਰ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਸਫਾਈ ਦਿੱਤੀ ਕਿ ਇਹ ਐਪ ਵਿਕਲਪਕ ਹੋਵੇਗੀ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਧੀਆ ਨੇ ਕਿਹਾ ਕਿ ਇਹ ਐਪ ਜਾਸੂਸੀ ਜਾਂ ਕਾਲ ਮਾਨੀਟਰਿੰਗ ਨਹੀਂ ਕਰਦੀ। ਇਹ ਆਨਲਾਈਨ ਠੱਗੀ ਤੋਂ ਬਚਾਉਣ ਲਈ ਹੈ। ਤੁਸੀਂ ਆਪਣੀ ਇੱਛਾ ਨਾਲ ਇਸ ਨੂੰ ਸਰਗਰਮ ਜਾਂ ਬੰਦ ਕਰ ਸਕਦੇ ਹੋ। ਜੇ ਤੁਸੀਂ ਸੰਚਾਰ ਸਾਥੀ ਨਹੀਂ ਚਾਹੁੰਦੇ ਤਾਂ ਇਸ ਨੂੰ ਡਿਲੀਟ ਕਰ ਸਕਦੇ ਹੋ। ਇਹ ਉਪਭੋਗਤਾ ਸੁਰੱਖਿਆ ਨਾਲ ਜੁੜੀ ਹੈ। ‘‘ਮੈਂ ਸਾਰੇ ਭਰਮ ਦੂਰ ਕਰਨਾ ਚਾਹੁੰਦਾ ਹਾਂ… ਸਾਡਾ ਫਰਜ਼ ਹੈ ਕਿ ਅਸੀਂ ਇਹ ਐਪ ਸਭ ਤਕ ਪਹੁੰਚਾਈਏ। ਇਸ ਨੂੰ ਫੋਨ ਵਿੱਚ ਰੱਖਣਾ ਹੈ ਜਾਂ ਨਹੀਂ, ਇਹ ਉਪਭੋਗਤਾ ਦੀ ਇੱਛਾ ’ਤੇ ਨਿਰਭਰ ਹੈ…ਇਸ ਨੂੰ ਕਿਸੇ ਵੀ ਦੂਜੀ ਐਪ ਦੀ ਤਰ੍ਹਾਂ ਹਟਾਇਆ ਜਾ ਸਕਦਾ ਹੈ।’’
ਮੰਤਰੀ ਨੇ ਤਾਂ ਆਪਣੀ ਸਫਾਈ ਦੇ ਦਿੱਤੀ, ਪਰ ਦੂਰਸੰਚਾਰ ਮੰਤਰਾਲੇ ਦੇ 28 ਨਵੰਬਰ ਦੇ ਨਿਰਦੇਸ਼ਾਂ ਦੇ ਹਵਾਲੇ ਨਾਲ ਜਿਹੜਾ ਬਿਆਨ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ ਆਈ ਬੀ) ਨੇ ਸੋਮਵਾਰ ਜਾਰੀ ਕੀਤਾ ਸੀ, ਉਸ ਵਿੱਚ ਸਾਫ ਕਿਹਾ ਗਿਆ ਹੈ ਕਿ ਭਾਰਤ ਵਿੱਚ ਇਸਤੇਮਾਲ ਹੋਣ ਵਾਲੇ ਮੋਬਾਇਲ ਹੈਂਡਸੈੱਟ ਦੇ ਨਿਰਮਾਤਾ ਤੇ ਦਰਾਮਦਕਾਰ ਕੰਪਨੀਆਂ ਲਈ ਐਪ ਨੂੰ ਪ੍ਰੀ-ਇੰਸਟਾਲ ਕਰਨਾ ਤੇ ਉਸ ਨੂੰ ਵਰਤੋਂਹੀਣ ਨਾ ਹੋਣ ਦੇਣਾ ਲਾਜ਼ਮੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਪਹਿਲਾਂ ਤੋਂ ਇੰਸਟਾਲ ਕੀਤੀ ਗਈ ਸੰਚਾਰ ਸਾਥੀ ਐਪ ਡਿਵਾਈਸ ਸੈੱਟਅਪ ਵੇਲੇ ਉਪਭੋਗਤਾ ਨੂੰ ਸਾਫ ਦਿਖਾਈ ਦੇਵੇ ਅਤੇ ਆਸਾਨੀ ਨਾਲ ਖੋਲ੍ਹੀ ਜਾ ਸਕੇ ਤੇ ਇਸ ਦੀ ਕਿਸੇ ਸੁਵਿਧਾ ਨੂੰ ਬੰਦ ਜਾਂ ਸੀਮਤ ਨਾ ਕੀਤਾ ਜਾਵੇ।
ਯਾਨੀ ਕਿ ਮੰਤਰੀ ਸਿੰਧੀਆ ਦੇ ਐਪ ਨੂੰ ਵਿਕਲਪਕ ਦੱਸਣ ਦੀ ਸਚਾਈ ’ਤੇ ਸੰਦੇਹ ਹੈ, ਕਿਉਕਿ ਸਰਕਾਰੀ ਨਿਰਦੇਸ਼ ਮੁਤਾਬਕ ਉਪਭੋਗਤਾ ਸੰਚਾਰ ਸਾਥੀ ਐਪ ਨੂੰ ਡਿਲੀਟ ਨਹੀਂ ਕਰ ਸਕਦਾ। ਜਦੋਂ ਤੱਕ ਸਰਕਾਰੀ ਆਦੇਸ਼ ਵਾਪਸ ਨਹੀਂ ਹੁੰਦਾ, ਮੰਤਰੀ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਜੇ ਦੂਰਸੰਚਾਰ ਵਿਭਾਗ ਆਦੇਸ਼ ਰੱਦ ਨਹੀਂ ਕਰਦਾ, ਮੰਤਰੀ ਦੇ ਬਿਆਨ ਨੂੰ ਝੂਠ ਹੀ ਸਮਝਿਆ ਜਾਵੇਗਾ।



