ਸਰਕਾਰ ਚੋਣ ਸੁਧਾਰਾਂ ’ਤੇ ਚਰਚਾ ਮੰਨੀ

0
18

ਨਵੀਂ ਦਿੱਲੀ : ਸੰਸਦ ਵਿੱਚ ਲਗਾਤਾਰ ਦੂਜੇ ਦਿਨ ਹੰਗਾਮੇ ਦੇ ਵਿਚਕਾਰ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਚੋਣ ਸੁਧਾਰਾਂ ’ਤੇ ਚਰਚਾ ਕਰਨ ਲਈ ਸਹਿਮਤੀ ਬਣ ਗਈ ਹੈ। ਲੋਕ ਸਭਾ ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਨੇਤਾ ਕੇ. ਸੁਰੇਸ਼ ਨੇ ਕਿਹਾ ਕਿ 9 ਦਸੰਬਰ ਨੂੰ ਚੋਣ ਸੁਧਾਰਾਂ ’ਤੇ 10 ਘੰਟੇ ਦੀ ਬਹਿਸ ਹੋਵੇਗੀ। ਉਨ੍ਹਾ ਇਹ ਵੀ ਕਿਹਾ ਕਿ ਵੰਦੇ ਮਾਤਰਮ ’ਤੇ ਚਰਚਾ ਇੱਕ ਦਿਨ ਪਹਿਲਾਂ 8 ਦਸੰਬਰ ਨੂੰ ਹੋਵੇਗੀ। ਇਸ ਲਈ ਦਸ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਸ ਦੀ ਸ਼ੁਰੂਆਤ ਕਰਨਗੇ। ਸਰਕਾਰ 150 ਵੀਂ ਵਰ੍ਹੇਗੰਢ ਮਨਾਉਣ ਲਈ ਸਦਨ ਵਿੱਚ ਵੰਦੇ ਮਾਤਰਮ ’ਤੇ ਚਰਚਾ ਕਰ ਰਹੀ ਹੈ।
ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਸੰਸਦ ਵਿੱਚ ਐੱਸ ਆਈ ਆਰ ਦਾ ਵਿਰੋਧ ਜਾਰੀ ਰੱਖਿਆ। ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ, ਸਾਰੇ ਵਿਰੋਧੀ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਨੇ ਪ੍ਰਸ਼ਨ ਕਾਲ ਜਾਰੀ ਰੱਖਿਆ, ਪਰ ਵਿਰੋਧੀ ਧਿਰ 20 ਮਿੰਟਾਂ ਲਈ ਵੋਟ ਚੋਰ – ਗੱਦੀ ਛੋੜ ਦਾ ਨਾਅਰਾ ਲਗਾਉਂਦੀ ਰਹੀ।
ਇਸ ਤੋਂ ਬਾਅਦ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਅਤੇ ਫਿਰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਬਾਅਦ ਵਿੱਚ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਇਸ ਦੌਰਾਨ, ਰਾਜ ਸਭਾ ਵਿੱਚ ਵਿਰੋਧੀ ਧਿਰ ਦਾ ਵਿਰੋਧ ਅਤੇ ਨਾਅਰੇਬਾਜ਼ੀ ਜਾਰੀ ਰਹੀ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਸਵੇਰੇ 10:30 ਵਜੇ ਸੰਸਦ ਕੰਪਲੈਕਸ ਵਿੱਚ ਮਕਰ ਦੁਆਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਐੱਸ ਆਈ ਆਰ ’ਤੇ ਚਰਚਾ ਕਰੇ। ਇਸ ਤੋਂ ਪਹਿਲਾਂ ਵਿਰੋਧੀ ਗੱਠਜੋੜ ਇੰਡੀਆ ਵਿਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਰਦ ਰੁੱਤ ਇਜਲਾਸ ਦੌਰਾਨ ਚੋਣ ਸੁਧਾਰਾਂ ਦੇ ਵਿਸ਼ੇ ’ਤੇ ਚਰਚਾ ਦੀ ਮੰਗ ਤੇ ਵਿਸ਼ੇਸ਼ ਵਿਆਪਕ ਸੋਧ ਦਾ ਵਿਰੋਧ ਕਰਦੇ ਹੋਏ ਸੰਸਦੀ ਅਹਾਤੇ ਵਿਚ ਪ੍ਰਦਰਸ਼ਨ ਕੀਤਾ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਮਕਰ ਗੇਟ ਨੇੜੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ ਕਾਂਗਰਸ ਦੇ ਸੰਸਦੀ ਦਲ ਦੀ ਪ੍ਰਮੁੱਖ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ, ਡੀ ਐੱਮ ਕੇ ਆਗੂ ਟੀ.ਆਰ. ਬਾਲੂ ਅਤੇ ਹੋਰ ਵਿਰੋਧੀ ਆਗੂ ਸ਼ਾਮਲ ਸਨ। ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਆਗੂਆਂ ਨੇ ‘ਐੱਸ ਆਈ ਆਰ ਵਾਪਸ ਲਓ’ ਦੇ ਨਾਅਰੇ ਲਗਾਏ। ਉਧਰ ਕਾਂਗਰਸ ਆਗੂ ਰੇਣੂਕਾ ਚੌਧਰੀ ਨੇ ਨਵੇਂ ਮੋਬਾਈਲ ਹੈਂਡਸੈੱਟਾਂ ਵਿੱਚ ਸੰਚਾਰ ਸਾਥੀ ਐਪ ਦੀ ਸਥਾਪਨਾ ਬਾਰੇ ਸਰਕਾਰ ਦੇ ਨਿਰਦੇਸ਼ਾਂ ’ਤੇ ਚਰਚਾ ਕਰਨ ਲਈ ਰਾਜ ਸਭਾ ਵਿਚ ਕੰਮ ਰੋਕੂ ਮਤਾ ਦਾਇਰ ਕੀਤਾ। ਆਪਣੇ ਮੁਲਤਵੀ ਨੋਟਿਸ ਵਿੱਚ ਸੰਸਦ ਮੈਂਬਰ ਨੇ ਕਿਹਾ, ਗੋਪਨੀਯਤਾ ਦਾ ਅਧਿਕਾਰ ਸੰਵਿਧਾਨ ਦੀ ਧਾਰਾ 21 ਤਹਿਤ ਗਾਰੰਟੀਸ਼ੁਦਾ ਜੀਵਨ ਅਤੇ ਨਿੱਜੀ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਇੱਕ ਅੰਦਰੂਨੀ ਪਹਿਲੂ ਹੈ। ਦੂਰਸੰਚਾਰ ਵਿਭਾਗ ਦਾ ਸਰਕੂਲਰ ਜੋ ਸਮਾਰਟਫੋਨ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਨੂੰ ‘ਸੰਚਾਰ ਸਾਥੀ ਐਪਲੀਕੇਸ਼ਨ’ ਨੂੰ ਇਸ ਤਰੀਕੇ ਨਾਲ ਪਹਿਲਾਂ ਤੋਂ ਲੋਡ ਕਰਨ ਲਈ ਨਿਰਦੇਸ਼ ਦਿੰਦਾ ਹੈ, ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ, ਇਸ ਮੌਲਿਕ ਅਧਿਕਾਰ ਦਾ ਗੰਭੀਰ ਅਪਮਾਨ ਹੈ। ਵਿਰੋਧੀ ਧਿਰਾਂ ਨੇ ਐਤਵਾਰ ਨੂੰ ਸਰਬ ਪਾਰਟੀ ਬੈਠਕ ਤੇ ਦੋਵਾਂ ਸਦਨਾਂ ਦੀ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ (ਬੀ ਏ ਸੀ) ਦੀਆਂ ਬੈਠਕਾਂ ਵਿਚ ਇਹ ਮੰਗ ਰੱਖੀ ਸੀ ਕਿ ਸਰਦ ਰੁੱਤ ਇਜਲਾਸ ਦੌਰਾਨ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਸਮੇਤ ਵਿਆਪਕ ਚੋਣ ਸੁਧਾਰਾਂ ਬਾਰੇ ਚਰਚਾ ਹੋਣੀ ਚਾਹੀਦੀ ਹੈ।