ਮਾਨਸਾ (ਆਤਮਾ ਸਿੰਘ ਪਮਾਰ)
ਅੰਗਰੇਜ਼ ਹਕੂਮਤ ਪੱਖੀ ਤੇ ਸੰਵਿਧਾਨ ਵਿਰੋਧੀ ਆਰ ਐੱਸ ਐੱਸ ਤੇ ਭਾਜਪਾ ਫੁੱਟ-ਪਾਊ ਤੇ ਨਫ਼ਰਤੀ ਨੀਤੀ ਨਾਲ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਕੇ ਦੇਸ਼ ਦੇ ਟੁਕੜੇ ਕਰਨ ਵੱਲ ਵਧ ਰਹੀਆਂ ਹਨ। ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕਰਦਿਆਂ ਲੋਕਤੰਤਰੀ ਢਾਂਚੇ ਦਾ ਘਾਣ ਕੀਤਾ ਜਾ ਰਿਹਾ ਹੈ।ਲੋਕ ਪੱਖੀ ਕਾਨੂੰਨਾਂ ਨੂੰ ਤੋੜ ਕੇ ਸਰਮਾਏਦਾਰ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਮੁਜ਼ਾਰਾ ਲਹਿਰ, ਪਰਜਾ ਮੰਡਲ, ਕੌਮੀ ਅਜ਼ਾਦੀ ਸੰਘਰਸ਼ਾਂ ਦੇ ਮੋਹਰੀ ਆਗੂ, ਮਹਾਨ ਕਮਿਊਨਿਸਟ ਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੀ 52ਵੀਂ ਬਰਸੀ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੈਨੇਟ ਤੇ ਸਿੰਡੀਕੇਟ ਪੱਖੀ ਵਿਦਿਆਰਥੀ ਅੰਦੋਲਨ ਦੇਸ਼ ਦੀ ਆਜ਼ਾਦੀ ਦੀ ਜੰਗ ਹੈ, ਜੋ ਫਾਸ਼ੀਵਾਦ ਖ਼ਿਲਾਫ਼ ਤਿੱਖਾ ਅੰਦੋਲਨ ਹੈ। ਮੋਦੀ ਸਰਕਾਰ ਵੱਲੋਂ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ, ਜਿਸ ਖ਼ਿਲਾਫ਼ ਕਾਮਰੇਡ ਅਰਸ਼ੀ ਨੇ ਜਥੇਬੰਦ ਤੇ ਤਿੱਖੇ ਸੰਘਰਸ਼ਾਂ ਦਾ ਸੱਦਾ ਵੀ ਇਸ ਮੌਕੇ ਦਿੱਤਾ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ ਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਬਿਜਲੀ ਐਕਟ 2020 ਸੰਬੰਧੀ ਕਿਹਾ ਕਿ ਇਹ ਦਿੱਲੀ ਅੰਦੋਲਨ ਦੌਰਾਨ ਮੋਰਚੇ ਵੱਲੋਂ ਮੋਦੀ ਸਰਕਾਰ ਤੋਂ ਰੱਦ ਕਰਵਾਇਆ ਗਿਆ ਸੀ, ਪ੍ਰੰਤੂ ਹੁਣ ਸਰਕਾਰ ਬਿਜਲੀ ਪ੍ਰਬੰਧ ਨੂੰ ਪ੍ਰਾਈਵੇਟ ਤੇ ਕਾਰਪੋਰੇਟਾਂ ਦੇ ਹੱਥ ਸੌਂਪਣ ਲਈ ਦੁਬਾਰਾ ਲਾਗੂ ਕਰਨ ਲਈ ਤਰਲੋਮੱਛੀ ਹੋ ਰਹੀ ਹੈ, ਜੋ ਦੇਸ਼ ਦੇ ਹਰ ਤਬਕੇ ਵਪਾਰ, ਖੇਤੀ ਸਮੇਤ ਘਰੇਲੂ ਖਪਤਕਾਰਾਂ ਲਈ ਖਤਰਨਾਕ ਸਾਬਤ ਹੋਵੇਗਾ। ਉਹਨਾ ਬਿਜਲੀ ਐਕਟ ਸਮੇਤ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖੇ ਸੰਘਰਸ਼ਾਂ ਨੂੰ ਸਮੇਂ ਦੀ ਲੋੜ ਦੱਸਿਆ। ਬਰਸੀ ਸਮਾਗਮ ਮੌਕੇ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਸੰਘਰਸ਼ ਦੀ ਵੀ ਹਮਾਇਤ ਕੀਤੀ ਤੇ ਗਿ੍ਰਫ਼ਤਾਰ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕੀਤੀ। ਕਿਸਾਨ ਅਤੇ ਮਜ਼ਦੂਰ ਅੰਦੋਲਨਾਂ ਚ ਸ਼ਮੂਲੀਅਤ ਦੀ ਵੀ ਅਪੀਲ ਕੀਤੀ ਗਈ।
ਕੁਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ, ਬੀ ਕੇ ਯੂ ਡਕੌਂਦਾ ਦੇ ਲਛਮਣ ਸਿੰਘ ਚੱਕ ਅਲੀ ਸ਼ੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਏਟਕ ਆਗੂ ਕਰਨੈਲ ਸਿੰਘ ਭੀਖੀ, ਖੇਤ ਮਜ਼ਦੂਰ ਸਭਾ ਦੇ ਕੇਵਲ ਸਿੰਘ ਸਮਾਓ, ਸਰਬ ਭਾਰਤ ਨੌਜਵਾਨ ਸਭਾ ਦੇ ਜਗਤਾਰ ਸਿੰਘ ਕਾਲਾ ਆਦਿ ਆਗੂਆਂ ਨੇ ਕਾਮਰੇਡ ਫੱਕਰ ਦੇ ਸੰਘਰਸ਼ਾਂ ਤੇ ਜੀਵਨੀ ਤੇ ਚਰਚਾ ਕਰਦੇ ਹੋਏ ਨੌਜਵਾਨ ਵਰਗ ਨੂੰ ਉਹਨਾਂ ਦੇ ਮਾਰਗ-ਦਰਸ਼ਨ ’ਤੇ ਚੱਲਣ ਦਾ ਹੋਕਾ ਦਿੱਤਾ।
ਬਰਸੀ ਸਮਾਗਮ ਗੁਰਦਿਆਲ ਸਿੰਘ, ਗੁਰਦੇਵ ਸਿੰਘ ਤੇ ਕਰਨੈਲ ਸਿੰਘ ਭੀਖੀ ਦੇ ਪ੍ਰਧਾਨਗੀ ਮੰਡਲ ਹੇਠ ਹੋਇਆ। ਕਾਮਰੇਡ ਫ਼ੱਕਰ ਦੇ ਪਰਵਾਰ ਬਲਵੀਰ ਕੌਰ ਸਮੇਤ ਗ੍ਰਾਮ ਪੰਚਾਇਤ ਸਰਪੰਚ, ਵੱਖ-ਵੱਖ ਕਲੱਬ ਅਤੇ ਪੜ੍ਹਾਈ ਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ਸਨਮਾਨ ਵੀ ਕੀਤਾ ਗਿਆ।ਲੋਕ-ਪੱਖੀ ਗਾਇਕ ਅਜਮੇਰ ਸਿੰਘ ਅਕਲੀਆ ਤੇ ਗਿਆਨੀ ਦਰਸ਼ਨ ਸਿੰਘ ਕੋਟ ਫੱਤਾ ਅਤੇ ਨਾਟਕ ਮੰਡਲੀ ਵੱਲੋਂ ਨਾਟਕ ਕੋਰੀਓਗ੍ਰਾਫੀ ਤੇ ਗੀਤ ਵੀ ਪੇਸ਼ ਕੀਤੇ।
ਹੋਰਨਾਂ ਤੋਂ ਇਲਾਵਾ ਰਤਨ ਭੋਲਾ, ਅਮਰੀਕ ਸਿੰਘ ਫਫੜੇ, ਮੇਜਰ ਸਿੰਘ ਦਲੇਲ ਸਿੰਘ ਵਾਲਾ, ਮੇਜਰ ਸਿੰਘ ਦੂਲੋਵਾਲ, ਕੁਲਵੰਤ ਸਿੰਘ, ਬੂਟਾ ਸਿੰਘ ਬਰਨਾਲਾ, ਹਰਦਿਆਲ ਸਿੰਘ ਬੁਢਲਾਡਾ, �ਿਸ਼ਨ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੀ ਕੇ ਯੂ ਉਗਰਾਹਾਂ ਇਕਾਈ ਤੇ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਲੰਗਰ ਦੀ ਸੇਵਾ ਨਿਰਵਿਘਨ ਨਿਭਾਈ ਗਈ।ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉੱਡਤ ਵੱਲੋਂ ਬਾਖੂਬੀ ਨਿਭਾਈ ਗਈ।





