ਫ਼ਾਜ਼ਿਲਕਾ/ਜਲਾਲਾਬਾਦ (ਬਲਵਿੰਦਰ ਸਿੰਘ)-ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ, ਮੀਤ ਸਕੱਤਰ ਸੁਰਿੰਦਰ ਢੰਡੀਆਂ, ਭਜਨ ਲਾਲ ਫ਼ਾਜ਼ਿਲਕਾ ਅਤੇ ਗੁਰਦਿਆਲ ਢਾਬਾਂ ਬਲਾਕ ਇੰਚਾਰਜ ਦੀ ਅਗਵਾਈ ਵਿੱਚ ਵੀਰਵਾਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਰਨੀ ਖੇੜਾ ਤੋਂ ਸੁਬੇਗ ਝੰਗੜ ਭੈਣੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਪੰਚਾਇਤ ਸੰਮਤੀਆਂ ਵਿਚ ਬਲਾਕ ਸੰਮਤੀ ਜ਼ੋਨ ਬਖੂ ਸ਼ਾਹ ਤੋਂ ਕੁਲਦੀਪ ਬਖੂ ਸ਼ਾਹ, ਜ਼ੋਨ ਕਰਨੀ ਖੇੜਾ ਤੋਂ ਰੂਪ ਸਿੰਘ ਕਰਨੀ ਖੇੜਾ, ਜ਼ੋਨ ਹਸਤਾ ਕਲਾਂ ਤੋਂ ਹਰਸੁਰੇਸ਼ ਹਸਤਾ ਕਲਾਂ, ਜ਼ੋਨ ਮੋਜਮ ਤੋਂ ਵਿੰਦੋ ਬਾਈ, ਜ਼ੋਨ ਰਾਣਾ ਤੋਂ ਬੰਸੋ ਬਾਈ ਜੱਟ ਵਾਲੀ, ਜ਼ੋਨ ਵੱਲੇ ਸ਼ਾਹ ਹਿਠਾੜ ਤੋਂ ਸੀਤਾ ਸਿੰਘ ਤੇਜਾ ਰੁਹੇਲਾ, ਜ਼ੋਨ ਮਹਾਤਮ ਨਗਰ ਤੋਂ ਪਰਮਜੀਤ ਕੌਰ ਮੁਹਾਰ ਖੀਵਾ ਤੇ ਜ਼ੋਨ ਸਲੇਮ ਸ਼ਾਹ ਤੋਂ ਰਾਜ ਸਿੰਘ ਗਾਗਨ ਕੇ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਬਾਅਦ ਹੰਸ ਰਾਜ ਗੋਲਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਰੇਗਾ ਕਾਨੂੰਨ ਉਹਨਾਂ ਦੀ ਪਾਰਟੀ ਨੇ ਪਾਸ ਕਰਵਾਇਆ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ ਲੋਕਾਂ ਨੂੰ ਕੰਮ ਨਹੀਂ ਦਿੱਤਾ। ਸੀ ਪੀ ਆਈ ਨੇ ਨਰੇਗਾ ਮਜ਼ਦੂਰਾਂ ਲਈ 200 ਦਿਨਾਂ ਦਾ ਕੰਮ ਅਤੇ 1000 ਰੁਪਏ ਦਿਹਾੜੀ ਦੇਣ ਲਈ ਲਗਾਤਾਰ ਲੋਕਾਂ ਨੂੰ ਲਾਮਬੰਦ ਕੀਤਾ ਹੈ, ਜਿਸ ਨੂੰ 150 ਦਿਨਾਂ ਦਾ ਕੰਮ ਕਰਵਾਉਣ ਵਿੱਚ ਜਿੱਤ ਪ੍ਰਾਪਤ ਕੀਤੀ। ਜੇਕਰ ਲੋਕ ਉਹਨਾਂ ਦੀ ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਜਿਤਾ ਕੇ ਭੇਜਦੇ ਹਨ ਤਾਂ ਸਾਡੇ ਜਿੱਤੇ ਹੋਏ ਨੁਮਾਇੰਦੇ ਪਾਰਦਰਸ਼ੀ ਢੰਗ ਨਾਲ ਨਰੇਗਾ ਮਜ਼ਦੂਰਾਂ ਨੂੰ ਕੰਮ ਦਾ ਹੱਕ ਦਿਵਾਉਣਗੇ। ਆਗੂਆਂ ਨੇ ਕਿਹਾ ਕਿ ਕਿਰਤੀਆਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣ ਲਈ ਵੀ ਜਿੱਤੇ ਹੋਏ ਉਮੀਦਵਾਰ ਆਪਣੀ ਜ਼ਿੰਮੇਵਾਰੀ ਤਨਦੇਈ ਨਾਲ ਨਿਭਾਉਣਗੇ।




