ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਾਂਗਰਸ ਦੇ ਉੱਤਰਾਖੰਡ ਦੇ ਆਗੂ ਹਰਕ ਸਿੰਘ ਰਾਵਤ ਵੱਲੋਂ ਦਿੱਤੇ ਤਾਜ਼ਾ ਇਤਰਾਜ਼ਯੋਗ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਕਾਂਗਰਸ ਪਾਰਟੀ ਦੀ ਡੂੰਘੀ ਜੜ੍ਹਾਂ ਵਾਲੀ ਸਿੱਖ-ਵਿਰੋਧੀ ਮਾਨਸਿਕਤਾ ਦਾ ਇੱਕ ਹੋਰ ਪ੍ਰਤੀਬਿੰਬ ਦੱਸਿਆ।ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਕੁਝ ਕਾਂਗਰਸੀ ਆਗੂਆਂ ਦੇ ਦਿਮਾਗ ਵਿੱਚ ‘ਕੂੜੇ ਦਾ ਢੇਰ’ ਹੈ, ਜੋ ਸਮੇਂ-ਸਮੇਂ ’ਤੇ ਨਫ਼ਰਤ ਭਰੀਆਂ ਟਿੱਪਣੀਆਂ ਰਾਹੀਂ ਬਾਹਰ ਆਉਦਾ ਰਹਿੰਦਾ ਹੈ। ਉਨ੍ਹਾ ਯਾਦ ਕਰਵਾਇਆ ਕਿ ਪੰਜਾਬ ਅਤੇ ਸਿੱਖਾਂ ਨਾਲ ਕਾਂਗਰਸ ਦਾ ਇਤਿਹਾਸ ਹਮੇਸ਼ਾ ਦੁਖਦਾਈ ਰਿਹਾ ਹੈ, ਐੱਸ ਵਾਈ ਐੱਲ ਦੇ ਧੋਖੇ ਤੋਂ ਲੈ ਕੇ 1982 ਤੱਕ ਹੋਈਆਂ ਬੇਇਨਸਾਫ਼ੀਆਂ, 1984 ਦੇ ਅਪ੍ਰੇਸ਼ਨ ਬਲੂ ਸਟਾਰ ਅਤੇ ਦਿੱਲੀ ਵਿੱਚ ਸਿੱਖ ਕਤਲੇਆਮ ਤੱਕ, ਪਾਰਟੀ ਦਾ ਰਿਕਾਰਡ ਜ਼ਖ਼ਮਾਂ ਨਾਲ ਭਰਿਆ ਪਿਆ ਹੈ, ਜੋ ਸਿੱਖ ਕੌਮ ਅੱਜ ਵੀ ਝੱਲ ਰਹੀ ਹੈ।ਪੰਨੂ ਨੇ ਯਾਦ ਕਰਵਾਇਆ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤਰਨ ਤਾਰਨ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਇੱਕ ਸਿੱਖ ਮੁੰਡੇ ਦੇ ਜੂੜੇ ਦਾ ਮਜ਼ਾਕ ਉਡਾਇਆ ਸੀ। ਉਨ੍ਹਾ ਕਿਹਾ ਕਿ ਅੱਜ ਹਰਕ ਸਿੰਘ ਰਾਵਤ ਨੇ ਸਿੱਖਾਂ ਬਾਰੇ ਸ਼ਰਮਨਾਕ ‘12 ਵੱਜ ਗਏ’ ਟਿੱਪਣੀ ਕਰਕੇ ਉਸੇ ਨਫ਼ਰਤ ਨੂੰ ਦੁਹਰਾਇਆ ਹੈ।ਉਨ੍ਹਾ ਮੰਗ ਕੀਤੀ ਕਿ ਰਾਹੁਲ ਗਾਂਧੀ ਤੁਰੰਤ ਹਰਕ ਸਿੰਘ ਰਾਵਤ ਨੂੰ ਪਾਰਟੀ ਤੋਂ ਕੱਢਣ ਅਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ।





