ਲੁਧਿਆਣਾ. (ਐੱਮ.ਐੱਸ. ਭਾਟੀਆ)
ਯੂਨਾਈਟਿਡ ਫਰੰਟ ਆਫ ਟਰੇਡ ਯੂਨੀਅਨਜ਼ ਲੁਧਿਆਣਾ ਵੱਲੋਂ ਐਤਵਾਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਲੇਬਰ ਕੋਡਾਂ ਦੇ ਕਾਮਿਆਂ ਦੇ ’ਤੇ ਮਾੜੇ ਪ੍ਰਭਾਵਾਂ ਬਾਰੇ ਵਰਕਰਾਂ ਦੀ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਏਟਕ, ਸੀਟੂ, ਸੀ ਟੀ ਯੂ ਪੰਜਾਬ ਅਤੇ ਇੰਟਕ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਆਗੂਆਂ ਨੇ ਕਿਹਾ ਕਿ 21 ਨਵੰਬਰ 2025 ਨੂੰ ਜਾਰੀ ਨੋਟੀਫਿਕੇਸ਼ਨ ਲੋਕਤਾਂਤਰਿਕ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮਿਹਨਤਕਸ਼ ਲੋਕਾਂ ਵੱਲੋਂ ਪਿਛਲੇ 150 ਸਾਲ ਵਿੱਚ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਲੇਬਰ ਕਾਨੂੰਨ ਨੂੰ ਖਤਮ ਕਰਕੇ ਸਰਕਾਰ ਨੇ ਮਜ਼ਦੂਰਾਂ ਦੀ ਜ਼ਿੰਦਗੀ, ਹੱਕਾਂ ਅਤੇ ਰੋਜ਼ਗਾਰ ਸੁਰੱਖਿਆ ’ਤੇ ਗੰਭੀਰ ਹਮਲਾ ਕੀਤਾ ਹੈ। ਟਰੇਡ ਯੂਨੀਅਨਾਂ ਪਿਛਲੇ 10 ਸਾਲ ਤੋਂ ਇੰਡੀਅਨ ਲੇਬਰ ਕਾਨਫਰੰਸ ਬੁਲਾਉਣ ਦੀ ਮੰਗ ਕਰ ਰਹੀਆਂ ਹਨ, ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ। ਮੋਦੀ ਸਰਕਾਰ ਆਪਣੇ ਪ੍ਰਚਾਰ ਤੰਤਰ ਰਾਹੀਂ ਅਤੇ ਆਪਣੀ ਹੱਥਠੋਕਾ ਟਰੇਡ ਯੂਨੀਅਨ ਬੀ ਐੱਮ ਐੱਸ ਰਾਹੀਂ ਇਹਨਾਂ ਲੇਬਰ ਕੋਡਾਂ ਦੇ ਫਾਇਦੇ ਗਿਣਾ ਕੇ ਦੇਸ਼ ਦੀ ਜਨਤਾ ਨੂੰ ਭਰਮਾਅ ਰਹੀ ਹੈ।
29 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਜੋ ਚਾਰ ਕੋਡ ਜਾਰੀ ਕੀਤੇ ਗਏ ਹਨ, ਉਹਨਾਂ ਦੇ ਮੋਟੇ ਤੌਰ ’ਤੇ ਜੋ ਬੁਰੇ ਪ੍ਰਭਾਵ ਪੈਣ ਵਾਲੇ ਹਨ, ਉਹ ਹਨ: ਨੈਸ਼ਨਲ ਫਲੋਰ ਲੈਵਲ ਵੇਜ ਦਾ 4628 ਰੁਪਏ ਮਹੀਨਾ ਜਾਂ 178 ਰੁਪਏ ਦਿਹਾੜੀ ਕਰਨਾ, ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨੇ, ਕਿਸੇ ਵੀ ਇੰਡਸਟਰੀ ਜਾਂ ਅਦਾਰੇ ਨੂੰ ਜਿਸ ਵਿੱਚ 300 ਤੱਕ ਮਜ਼ਦੂਰ ਕੰਮ ਕਰਦੇ ਹੋਣ, ਨੂੰ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਬੰਦ ਕਰਕੇ ਮਜ਼ਦੂਰਾਂ ਨੂੰ ਵਿਹਲੇ ਕਰ ਦੇਣਾ, ਪਹਿਲਾਂ ਜਿੱਥੇ 100 ਮਜ਼ਦੂਰ ਕੰਮ ਕਰਦੇ ਸਨ, ਉਸ ਅਦਾਰੇ ਨੂੰ ਬੰਦ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਸੀ।90 ਫੀਸਦੀ ਤੋਂ ਵੱਧ ਇੰਡਸਟਰੀ ਦੇ ਮਾਲਕਾਂ ਨੂੰ ਮਜ਼ਦੂਰਾਂ ਨੂੰ ਜਦੋਂ ਮਰਜ਼ੀ ਕੱਢਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ, ਯੂਨੀਅਨ ਦੀ ਰਜਿਸਟ੍ਰੇਸ਼ਨ ਕਰਾਉਣੀ ਬੇਹੱਦ ਮੁਸ਼ਕਲ ਕਰ ਦਿੱਤੀ ਗਈ ਹੈ।ਜਿੱਥੇ ਪਹਿਲਾਂ ਸਿਰਫ 7 ਮਜ਼ਦੂਰ ਰਜਿਸਟ੍ਰੇਸ਼ਨ ਕਰਾ ਸਕਦੇ ਸਨ, ਹੁਣ ਇਹ ਗਿਣਤੀ ਵਧਾ ਕੇ ਮਜ਼ਦੂਰਾਂ ਦੀ ਕੁੱਲ ਸੰਖਿਆ ਦਾ 10 ਫੀਸਦੀ ਕਰ ਦਿੱਤਾ ਗਿਆ ਹੈ। ਔਰਤਾਂ ਦੇ ਮੈਟਰਨਿਟੀ ਬੈਨੀਫਿਟਸ ਵਿੱਚ ਤਨਖਾਹ ਸਮੇਤ ਛੁੱਟੀ ਆਦਿ ਸਮੇਤ ਕਾਫੀ ਕਟੌਤੀਆਂ ਕਰ ਦਿੱਤੀਆਂ ਗਈਆਂ ਹਨ। ਹੜਤਾਲ ਕਰਨ ਲਈ ਹੁਣ 60 ਦਿਨਾਂ ਦਾ ਨੋਟਿਸ ਦੇਣਾ ਪਵੇਗਾ ਅਤੇ ਹੜਤਾਲ ਕਰਨ ਦੀ ਸੂਰਤ ਵਿੱਚ 51 ਫੀਸਦੀ ਵਰਕਰਾਂ ਦੇ ਦਸਤਖਤ ਕਰਵਾ ਕੇ ਸਹਿਮਤੀ ਲੈਣੀ ਪਵੇਗੀ। ਜੇਕਰ ਹੜਤਾਲ 49 ਫੀਸਦੀ ਰਹਿ ਜਾਂਦੀ ਹੈ ਤਾਂ ਉਹ ਗੈਰਕਾਨੂੰਨੀ ਘੋਸ਼ਿਤ ਕਰ ਦਿੱਤੀ ਜਾਵੇਗੀ ਅਤੇ ਅਜਿਹੀ ਹੜਤਾਲ ਕਰਨ ਅਤੇ ਕਰਵਾਉਣ ਵਾਲੇ ਆਗੂਆਂ ਵਿਰੁੱਧ ਕੇਸ ਦਰਜ ਹੋਣਗੇ ਅਤੇ ਕੈਦ ਕਰਨ ਦੀ ਵਿਵਸਥਾ ਕੀਤੀ ਗਈ ਹੈ।ਬੁਲਾਰਿਆਂ ਨੇ ਕਿਹਾ ਕਿ ਇਹਨਾਂ ਕੋਡਾਂ ਦੇ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਏਗਾ ਤੇ ਇਸ ਨੂੰ ਹੋਰ ਤਿੱਖਾ ਕੀਤਾ ਜਾਏਗਾ। ਸਰਕਾਰ ਦੇ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਕਾਮਿਆਂ ਦੇ ਵਿਰੋਧੀ ਰਵੱਈਏ ਦੇ ਵਿਰੁੱਧ ਦੇਸ਼ ਦੀ ਮਜ਼ਦੂਰ ਜਮਾਤ ਦੇ ਨਾਲ ਲੁਧਿਆਣਾ ਦੀਆਂ ਟ੍ਰੇਡ ਯੂਨੀਅਨਾਂ ਵੀ ਲਗਾਤਾਰ ਸੰਘਰਸ਼ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣਗੀਆਂ।
ਜਿਨ੍ਹਾਂ ਆਗੂਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਅਤੇ ਸੁਖਮਿੰਦਰ ਸਿੰਘ ਲੋਟੇ, ਏਟਕ ਪੰਜਾਬ ਦੇ ਸਕੱਤਰ ਕਾਮਰੇਡ ਐੱਮ.ਐੱਸ. ਭਾਟੀਆ ਅਤੇ ਕਾਮਰੇਡ ਕੇਵਲ ਸਿੰਘ ਬਣਵੈਤ, ਡਾਕਟਰ ਅਰੁਣ ਮਿੱਤਰਾ, ਸੀ ਟੀ ਯੂ ਪੰਜਾਬ ਦੇ ਆਗੂ ਬਲਰਾਜ ਸਿੰਘ ਅਤੇ ਜਗਦੀਸ਼ ਚੰਦ, ਇੰਟਕ ਵੱਲੋਂ ਐਡਵੋਕੇਟ ਸਰਬਜੀਤ ਸਿੰਘ ਸਰਹਾਲੀ, ਕਾਮਰੇਡ ਚਿਤਰੰਜਨ, ਰਾਮ ਬਿਕਸ਼ ਯਾਦਵ, ਰਮੇਸ਼ ਰਤਨ ਆਦਿ ਸ਼ਾਮਲ ਸਨ।ਇਸ ਕਨਵੈਨਸ਼ਨ ਦੀ ਪ੍ਰਧਾਨਗੀ ਵਿਜੇ ਕੁਮਾਰ, ਜੋਗਿੰਦਰ ਰਾਮ, ਪਰਮਜੀਤ ਸਿੰਘ ਅਤੇ ਗੁਰਜੀਤ ਸਿੰਘ ਜਗਪਾਲ ’ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।ਇਸ ਮੌਕੇ ਹੋਰ ਜਿਹੜੇ ਟਰੇਡ ਯੂਨੀਅਨ ਆਗੂ ਹਾਜ਼ਰ ਸਨ, ਉਹਨਾਂ ਵਿੱਚ ਕਾਮਰੇਡ ਕਾਮੇਸ਼ਵਰ ਯਾਦਵ, ਨਰੇਸ਼ ਗੌੜ, ਟਾਈਗਰ ਸਿੰਘ, ਅਵਤਾਰ ਛਿੱਬੜ, ਡਾਕਟਰ ਗੁਲਜਾਰ ਪੰਧੇਰ, ਮਲਕੀਤ ਸਿੰਘ ਮਾਲੜਾ, ਚਮਕੌਰ ਸਿੰਘ ਬਰਮੀ ਆਦਿ ਸ਼ਾਮਲ ਸਨ।





