ਲੱਗਦੀ ਕਿਸੇ ਨਾ ਦੇਖੀ, ਟੁੱਟਦੀ ਨੂੰ ਜੱਗ ਜਾਣਦਾ

0
26

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮਿ੍ਰਤੀ ਮੰਧਾਨਾ ਨੇ ਐਤਵਾਰ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਹਫ਼ਤਿਆਂ ਦੀਆਂ ਅਟਕਲਾਂ ਨੂੰ ਖਤਮ ਕਰਦਿਆਂ ਪੁਸ਼ਟੀ ਕੀਤੀ ਕਿ ਸੰਗੀਤਕਾਰ ਪਲਾਸ਼ ਮੁੱਛਲ ਨਾਲ ਉਸ ਦਾ ਵਿਆਹ ਰੱਦ ਹੋ ਗਿਆ ਹੈ। ਸਟਾਰ ਬੱਲੇਬਾਜ਼ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਦੋਵਾਂ ਪਰਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ। ਭਾਰਤ ਦੀਆਂ ਸਭ ਤੋਂ ਪ੍ਰਮੁੱਖ ਮਹਿਲਾ ਕਿ੍ਰਕਟਰਾਂ ਵਿੱਚੋਂ ਇੱਕ ਮੰਧਾਨਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਪਿਛਲੇ ਮਹੀਨੇ ਤੇਜ਼ ਹੋਈਆਂ ਅਫਵਾਹਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਆਪਣਾ ਪਹਿਲਾ ਜਨਤਕ ਬਿਆਨ ਜਾਰੀ ਕੀਤਾ।
ਉਸ ਨੇ ਲਿਖਿਆ, ‘ਮੈਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਵਿਆਹ ਰੱਦ ਹੋ ਗਿਆ ਹੈ। ਮੈਂ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦੀ ਹਾਂ ਅਤੇ ਤੁਹਾਡੇ ਸਾਰਿਆਂ ਨੂੰ ਵੀ ਅਜਿਹਾ ਹੀ ਕਰਨ ਦੀ ਬੇਨਤੀ ਕਰਦੀ ਹਾਂ।’ ਉਸ ਦਾ ਵਿਆਹ 23 ਨਵੰਬਰ ਨੂੰ ਮੁੱਛਲ ਨਾਲ ਹੋਣਾ ਸੀ, ਪਰ ਮੰਧਾਨਾ ਦੇ ਪਿਤਾ ਸ਼੍ਰੀਨਿਵਾਸ ਨੂੰ ਦਿਲ ਦੀ ਬਿਮਾਰੀ ਕਾਰਨ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ ਵਿਆਹ ਮੁਲਤਵੀ ਕਰ ਦਿੱਤਾ ਗਿਆ ਸੀ। ਮੰਧਾਨਾ, ਜੋ ਭਾਰਤ ਦੇ ਆਉਣ ਵਾਲੇ ਅੰਤਰਰਾਸ਼ਟਰੀ ਸੀਜ਼ਨ ਦੀ ਤਿਆਰੀ ਕਰ ਰਹੀ ਹੈ, ਨੇ ਕਿਹਾ ਕਿ ਉਸ ਦਾ ਧਿਆਨ ਕਿ੍ਰਕਟ ’ਤੇ ਪੱਕਾ ਹੈ। ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਇੱਕ ਉੱਚਾ ਉਦੇਸ਼ ਸਾਡੇ ਸਾਰਿਆਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਮੇਰੇ ਲਈ ਉਹ ਹਮੇਸ਼ਾ ਆਪਣੇ ਦੇਸ਼ ਦੀ ਉੱਚ ਪੱਧਰ ’ਤੇ ਪ੍ਰਤੀਨਿਧਤਾ ਕਰਦਾ ਰਿਹਾ ਹੈ। ਮੈਂ ਆਸ ਕਰਦੀ ਹਾਂ ਕਿ ਜਿੰਨਾ ਸੰਭਵ ਹੋ ਸਕੇ, ਭਾਰਤ ਲਈ ਖੇਡਣਾ ਅਤੇ ਟਰਾਫੀਆਂ ਜਿੱਤਣਾ ਜਾਰੀ ਰੱਖਾਂਗੀ।
ਮੁੱਛਲ ਨੇ ਵੀ ਮੰਧਾਨਾ ਨਾਲ ਆਪਣਾ ਵਿਆਹ ਰੱਦ ਹੋਣ ਤੋਂ ਬਾਅਦ ਆਪਣੀ ਚੁੱਪੀ ਤੋੜੀ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀ ’ਤੇ ਮੰਧਾਨਾ ਤੋਂ ਵੱਖ ਹੋਣ ਦੀ ਪੁਸ਼ਟੀ ਕਰਦੇ ਹੋਏ ਇੱਕ ਲੰਮਾ ਨੋਟ ਸਾਂਝਾ ਕਰਦਿਆਂ ਲਿਖਿਆ, ‘ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਆਪਣੇ ਨਿੱਜੀ ਰਿਸ਼ਤੇ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ।’
ਪਲਾਸ਼ ਨੇ ਅਫਵਾਹਾਂ ਦਾ ਜਵਾਬ ਦਿੰਦਿਆਂ ਇਨ੍ਹਾਂ ਅਫਵਾਹਾਂ ਨੂੰ ਨਿਰਆਧਾਰ ਅਤੇ ਗਲਤ ਦੱਸਿਆ। ਉਸ ਨੇ ਆਪਣੇ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ। ਉਸ ਨੇ ਕਿਹਾ, ‘ਮੇਰੇ ਲਈ ਇਹ ਬਹੁਤ ਮੁਸ਼ਕਲ ਭਰਿਆ ਸਮਾਂ ਰਿਹਾ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਪੜਾਅ ਹੈ ਅਤੇ ਮੈਂ ਇਸ ਨਾਲ ਨਜਿੱਠਾਂਗਾ।’