ਕਾਂਗਰਸ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਰਹੀ : ਧਾਲੀਵਾਲ

0
27

ਅੰਮਿ੍ਰਤਸਰ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਚੋਣ ਬਾਈਕਾਟ ਦੇ ਐਲਾਨ ਨੂੰ ਉਸ ਦੀ ਹਾਰ ਦਾ ਡਰ ਦੱਸਿਆ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ‘ਧੱਕੇਸ਼ਾਹੀ’ ਅਤੇ ‘ਵਿਸ਼ਵਾਸਘਾਤ’ ਦਾ ਇਤਿਹਾਸ ਜੇਕਰ ਕਿਸੇ ਨੇ ਲਿਖਿਆ ਹੈ ਤਾਂ ਉਹ ਕਾਂਗਰਸ ਨੇ ਲਿਖਿਆ ਹੈ ਅਤੇ ਅੱਜ ਇਹੀ ਪਾਰਟੀ ਨੈਤਿਕਤਾ ਦਾ ਪਾਠ ਪੜ੍ਹਾ ਰਹੀ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਅੰਮਿ੍ਰਤਸਰ ਦਿਹਾਤੀ ਦੇ ਕਿਸੇ ਵੀ ਇਲਾਕੇ ਤੋਂ ਧੱਕੇਸ਼ਾਹੀ ਦਾ ਇੱਕ ਵੀ ਸਬੂਤ ਜਨਤਾ ਦੇ ਸਾਹਮਣੇ ਲਿਆਵੇ। ਸੱਚਾਈ ਇਹ ਹੈ ਕਿ ਕਾਂਗਰਸ ਆਪਣੇ ਵਿਧਾਇਕ ’ਤੇ ਹੋਈ ਕਾਰਵਾਈ ਨੂੰ ਬਹਾਨਾ ਬਣਾ ਕੇ ਜਨਤਾ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ।
ਉਨ੍ਹਾ ਕਿਹਾ ਕਿ ਕਾਂਗਰਸ ਕਹਿੰਦੀ ਹੈ ਕਿ ਉਨ੍ਹਾਂ ਦੇ ਵਿਧਾਇਕ ਸੁੱਖ ਸਰਕਾਰੀਆ ’ਤੇ ਕਾਰਵਾਈ ਹੋਈ, ਇਸ ਲਈ ਉਹ ਚੋਣਾਂ ਨਹੀਂ ਲੜਨਗੇ। ਉਨ੍ਹਾ ਸਵਾਲ ਕੀਤਾ ਕਿ ਕਾਂਗਰਸ ਦੱਸੇ ਕਿ ਅੰਮਿ੍ਰਤਸਰ ਦਿਹਾਤੀ ਦੇ ਇਲਾਕਿਆਂ, ਬਾਬਾ ਬਕਾਲਾ, ਜੰਡਿਆਲਾ, ਮਜੀਠਾ, ਅਟਾਰੀ, ਅਜਨਾਲਾ ਵਿੱਚ ਕਿੱਥੇ ਧੱਕੇਸ਼ਾਹੀ ਹੋਈ? ਜੇਕਰ ਕਿਸੇ ਇੱਕ ਵੀ ਵਿਅਕਤੀ ਨਾਲ ਧੱਕਾ ਹੋਇਆ ਹੋਵੇ, ਤਾਂ ਸਾਹਮਣੇ ਲਿਆਉਣ। ਸੱਚਾਈ ਇਹ ਹੈ ਕਿ ‘ਆਪ’ ਦੇ ਉਮੀਦਵਾਰ ਲਖਵਿੰਦਰ ਸਿੰਘ ਖੁਦ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਅਤੇ ਹਸਪਤਾਲ ਵਿੱਚ ਦਾਖਲ ਹਨ। ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਗੁੰਡਾਗਰਦੀ ਕਰਕੇ ਵੀ ਖੁਦ ਨੂੰ ਪੀੜਤ ਦੱਸ ਰਹੀ ਹੈ।
‘ਆਪ’ ਬੁਲਾਰੇ ਨੇ ਕਾਂਗਰਸ ਦੀ ਹਾਲਤ ਲਈ ਉਸ ਦੇ ਅੰਦਰੂਨੀ ਕਲੇਸ਼ ਅਤੇ ਹੰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨਵਜੋਤ ਕੌਰ ਸਿੱਧੂ ਦੇ ਬਿਆਨ ਦਾ ਹਵਾਲਾ ਦਿੱਤਾ ਕਿ ਸੀ ਐੱਮ ਚਿਹਰਾ ਬਣਨ ਲਈ 500 ਕਰੋੜ ਚਾਹੀਦਾ ਹੈ, ਜੋ ਕਾਂਗਰਸ ਦੀ ਅੰਦਰੂਨੀ ਸੱਚਾਈ ਦੱਸਦਾ ਹੈ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਵਿੱਚ ਪੰਜ-ਪੰਜ ਮੁੱਖ ਮੰਤਰੀ ਪੰਜਾਬ ਵਿੱਚ ਘੁੰਮ ਰਹੇ ਹਨ। ਇਹੀ ਕਾਰਨ ਹੈ ਕਿ ਕਾਂਗਰਸ ਬਰਬਾਦ ਹੋ ਚੁੱਕੀ ਹੈ।ਤਰਨ ਤਾਰਨ ਵਿੱਚ ਕਾਂਗਰਸ ਦਾ ਹਾਲ ਪੰਜਾਬ ਜਾਣਦਾ ਹੈ। ਧੜੇਬੰਦੀ, ਹੰਕਾਰ ਅਤੇ ਟਿਕਟਾਂ ਦੀ ਖਰੀਦੋ-ਫਰੋਖਤ ਨੇ ਪਾਰਟੀ ਨੂੰ ਖਤਮ ਕਰ ਦਿੱਤਾ ਹੈ। ਹੁਣ ਉਨ੍ਹਾਂ ਨਾਲ ਨਾ ਵਰਕਰ ਖੜ੍ਹਾ ਹੋਣਾ ਚਾਹੁੰਦਾ ਹੈ ਅਤੇ ਨਾ ਹੀ ਜਨਤਾ।ਧਾਲੀਵਾਲ ਨੇ ਕਾਂਗਰਸ ਦੇ 75 ਸਾਲਾਂ ਦੇ ਕਾਲੇ ਇਤਿਹਾਸ ਨੂੰ ਯਾਦ ਦਿਵਾਉਦਿਆਂ ਕਿਹਾ ਕਿ ਲੋਕ ਕਾਂਗਰਸ ਵੱਲੋਂ ਝੂਠੇ ਪੁਲਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਨਾ, ਗੁਰੂ ਘਰ ’ਤੇ ਹਮਲਾ ਕਰਨਾ ਅਤੇ 1984 ਵਿੱਚ ਦਿੱਲੀ ਵਿੱਚ ਸਿੱਖਾਂ ਨੂੰ ਜ਼ਿੰਦਾ ਜਲਾਉਣਾ, ਨੂੰ ਭੁੱਲੇ ਨਹੀਂ ਹਨ। ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਕੀਤਾ ਹੈ ਅਤੇ ਅੱਜ ਉਹੀ ਨੈਤਿਕਤਾ ਦਾ ਪਾਠ ਪੜ੍ਹਾ ਰਹੀ ਹੈ।ਉੱਥੇ ਹੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾ ਕਿਹਾ ਕਿ ਅਕਾਲੀ ਦਲ ਐੱਸ ਜੀ ਪੀ ਸੀ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਟਿਕਟ ਦੇ ਕੇ ਉਸ ਦਾ ਦੁਰਉਪਯੋਗ ਕਰ ਰਹੀ ਹੈ।ਧਾਲੀਵਾਲ ਨੇ ਕਿਹਾ ਕਿ ‘ਆਪ’ ਵਿਕਾਸ ਦੇ ਮੁੱਦਿਆਂ ’ਤੇ ਚੋਣ ਲੜਦੀ ਹੈ ਅਤੇ ਇਸ ਵਾਰ ਵੀ ਅਸੀਂ ਆਪਣੇ ਕੰਮਾਂ ਦੀ ਬਦੌਲਤ ਜਨਤਾ ਤੋਂ ਵੋਟ ਮੰਗਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਆਪ ਦੀ ਸੱਚਾਈ, ਇਮਾਨਦਾਰੀ ਅਤੇ ਵਿਕਾਸ ਦੀ ਰਾਜਨੀਤੀ ਦੇ ਨਾਲ ਖੜ੍ਹੇ ਹਨ।