ਗੋਆ ਦੇ ਕਲੱਬ ’ਚ ਅੱਗ ਕਾਰਨ 25 ਮੌਤਾਂ

0
27

ਪਣਜੀ : ਗੋਆ ਦੇ ਅਰਪੋਰਾ ਸਥਿਤ ਇੱਕ ਕਲੱਬ ਵਿੱਚ ਲੱਗੀ ਭਿਆਨਕ ਅੱਗ ਕਾਰਨ 25 ਮੌਤਾਂ ਹੋਣ ਦੀ ਖਬਰ ਹੈ, ਜਿਨ੍ਹਾਂ ਵਿੱਚੋਂ 4 ਦੀ ਪਛਾਣ ਸੈਲਾਨੀਆਂ ਵਜੋਂ ਅਤੇ 14 ਦੀ ਸਟਾਫ਼ ਮੈਂਬਰਾਂ ਵਜੋਂ ਹੋਈ ਹੈ। ਗੋਆ ਪੁਲਸ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਸੱਤ ਲਾਸ਼ਾਂ ਦੀ ਪਛਾਣ ਹੋਣੀ ਅਜੇ ਬਾਕੀ ਹੈ। ਇਹ ਜਾਣਕਾਰੀ ਪੁਲਸ ਨੇ ਦਿੰਦਿਆਂ ਕਿਹਾ ਕਿ ਛੇ ਵਿਅਕਤੀ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਐਕਸ ’ਤੇ ਇੱਕ ਪੋਸਟ ਵਿੱਚ ਲਿਖਿਆ, ‘‘ਗੋਆ ਦੇ ਅਰਪੋਰਾ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵੱਲੋਂ 2 ਲੱਖ ਰੁਪਏ ਦੀ ਐਕਸ-ਗਰੇਸ਼ੀਆ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।’’ ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਸੀ ਕਿ ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਕਲੱਬ ਦੇ ਰਸੋਈ ਕਰਮਚਾਰੀ ਸਨ, ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਅੱਗੇ ਕਿਹਾ ਕਿ ਮਰਨ ਵਾਲਿਆਂ ਵਿੱਚ ਤਿੰਨ ਤੋਂ ਚਾਰ ਸੈਲਾਨੀ ਵੀ ਸ਼ਾਮਲ ਸਨ। ਸਾਵੰਤ, ਜੋ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ, ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ 23 ਵਿੱਚੋਂ ਤਿੰਨ ਦੀ ਮੌਤ ਸੜਨ ਕਾਰਨ ਹੋਏ ਜ਼ਖਮਾਂ ਕਰਕੇ ਹੋਈ ਅਤੇ ਬਾਕੀ ਦਮ ਘੁਟਣ ਕਾਰਨ ਮਰ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਨਾਈਟ ਕਲੱਬ ਨੇ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ। ਸੂਬੇ ਦੀ ਰਾਜਧਾਨੀ ਪਣਜੀ ਤੋਂ ਲੱਗਭੱਗ 25 ਕਿਲੋਮੀਟਰ ਦੂਰ ਅਰਪੋਰਾ ਪਿੰਡ ਵਿੱਚ ਸਥਿਤ ਇਹ ਪ੍ਰਸਿੱਧ ਪਾਰਟੀ ਸਥਾਨ ਪਿਛਲੇ ਸਾਲ ਖੋਲ੍ਹਿਆ ਗਿਆ ਸੀ। ਸਾਵੰਤ ਨੇ ਕਿਹਾ, “ਅਸੀਂ ਕਲੱਬ ਪ੍ਰਬੰਧਨ ਅਤੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕਰਾਂਗੇ, ਜਿਨ੍ਹਾਂ ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦੇ ਬਾਵਜੂਦ ਇਸ ਨੂੰ ਚੱਲਣ ਦੀ ਇਜਾਜ਼ਤ ਦਿੱਤੀ।ਸਾਵੰਤ ਨੇ ਕਿਹਾ, “ਤੱਟਵਰਤੀ ਰਾਜ ਵਿੱਚ ਸੈਲਾਨੀਆਂ ਦੇ ਸਿਖਰਲੇ ਸੀਜ਼ਨ ਦੌਰਾਨ ਇਹ ਇੱਕ ਮੰਦਭਾਗੀ ਘਟਨਾ ਹੈ। ਅਸੀਂ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਾਂਗੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸਥਾਨਕ ਭਾਜਪਾ ਵਿਧਾਇਕ ਮਾਈਕਲ ਲੋਬੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਾਇਰ ਫਾਈਟਰਜ਼ ਅਤੇ ਪੁਲਸ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਸਨ ਅਤੇ ਸਾਰੀ ਰਾਤ ਬਚਾਅ ਕਾਰਜਾਂ ਵਿੱਚ ਜੁਟੀਆਂ ਰਹੀਆਂ। ਲੋਬੋ ਨੇ ਕਿਹਾ ਕਿ ਅਧਿਕਾਰੀ ਸਾਰੇ ਕਲੱਬਾਂ ਦਾ ਅੱਗ ਸੁਰੱਖਿਆ ਆਡਿਟ ਕਰਵਾਉਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ‘‘ਅਰਪੋਰਾ, ਗੋਆ ਵਿੱਚ ਹੋਇਆ ਅੱਗ ਦਾ ਹਾਦਸਾ ਬਹੁਤ ਦੁਖਦਾਈ ਹੈ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰਿਆਂ ਨਾਲ ਹਨ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸਥਿਤੀ ਬਾਰੇ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨਾਲ ਗੱਲ ਕੀਤੀ। ਸੂਬਾ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ।’’