ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਦਾ ਤਿੱਖਾ ਵਿਰੋਧ

0
15

ਕਿਸਾਨਾਂ ਤੇ ਮੁਲਾਜ਼ਮਾਂ ਨੇ ਪੰਜਾਬ ਭਰ ’ਚ ਬਿੱਲਾਂ ਦੀਆਂ ਕਾਪੀਆਂ ਸਾੜੀਆਂ
ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਸੂਬੇ ਵਿੱਚ ਬਿਜਲੀ ਦਫ਼ਤਰਾਂ ਦਾ ਘਿਰਾਓ ਕਰਕੇ ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜਨ ਦੇ ਐਲਾਨ ਤਹਿਤ ਪਾਵਰਕਾਮ ਡਵੀਜ਼ਨ ਪਾਤੜਾਂ ਵਿਖੇ ਵਿਸ਼ਾਲ ਰੋਸ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਇਕੱਠੇ ਹੋ ਕੇ ਦੋਵਾਂ ਬਿੱਲਾਂ ਦੀਆਂ ਕਾਪੀਆਂ ਸਾੜਦਿਆਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਹਰਭਜਨ ਸਿੰਘ ਬੁੱਟਰ, ਕੁਲਵੰਤ ਸਿੰਘ ਮੌਲਵੀਵਾਲਾ, ਅਮਰੀਕ ਸਿੰਘ ਘੱਗਾ, ਗੁਰਵਿੰਦਰ ਸਿੰਘ ਦੇਧਨਾ ਅਤੇ ਰਾਮਚੰਦ ਚੁਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਰਾਹੀਂ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਕੇ ਕਾਰਪੋਰੇਟ ਦੀ ਅੰਨ੍ਹੀ ਲੁੱਟ ਲਈ ਰਾਹ ਪੱਧਰਾ ਕਰ ਰਹੀ ਹੈ।
ਜਦੋਂ ਬਿਜਲੀ ਮਹਿਕਮਾ ਹੋਂਦ ਵਿੱਚ ਆਇਆ ਸੀ ਤਾਂ ਜਨਤਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਬਿਜਲੀ ਦੋ ਸ਼੍ਰੇਣੀਆਂ, ਘਰੇਲੂ ਖਪਤਕਾਰ ਅਤੇ ਮੁਨਾਫ਼ੇ ਲਈ ਬਿਜਲੀ ਵਰਤਣ ਵਾਲੇ ਇਹਨਾਂ ਵਿੱਚ ਵੰਡੀ ਗਈ ਸੀ, ਜਿਸ ਨੂੰ ਸੰਤੁਲਿਤ ਕਰਨ ਲਈ ਕਰਾਸ ਸਬਸਿਡੀ ਚਲਾਈ ਗਈ ਸੀ, ਪਰ ਇਹ ਨਵਾਂ ਬਿੱਲ ਹਰ ਤਰ੍ਹਾਂ ਦੀ ਸਬਸਿਡੀ ਖ਼ਤਮ ਕਰ ਦੇਵੇਗਾ। ਬਿਜਲੀ ਪੈਦਾਵਾਰ ਖੇਤਰ ਦਾ ਨਿੱਜੀਕਰਨ 2003 ਵਿੱਚ ਸ਼ੁਰੂ ਹੋਇਆ ਸੀ, ਪਰ ਹੁਣ ਬਿਜਲੀ ਵੰਡ ਦਾ ਖੇਤਰ ਵੀ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਹੈ।ਆਗੂਆਂ ਕਿਹਾ ਕਿ ਇਸ ਨਾਲ ਪ੍ਰੀਪੇਡ ਸਮਾਰਟ ਚਿੱਪ ਮੀਟਰ ਲਗਾਏ ਜਾਣਗੇ, ਜਿਸ ਨਾਲ ਬਿਜਲੀ ਮਹਿੰਗੇ ਭਾਅ ਦੀ ਮਿਲੇਗੀ ਅਤੇ ਰਿਚਾਰਜ ਖ਼ਤਮ ਹੋਣ ’ਤੇ ਘਰਾਂ ਦੀ ਬਿਜਲੀ ਕੱਟ ਦਿੱਤੀ ਜਾਵੇਗੀ।
ਆਗੂਆਂ ਨੇ ਸੀਡ ਬਿੱਲ 2025 ਨੂੰ ਸਰਕਾਰ ਦਾ ਦੂਜਾ ਵੱਡਾ ਹੱਲਾ ਦੱਸਦਿਆਂ ਕਿਹਾ ਕਿ ਇਸ ਬਿੱਲ ਤਹਿਤ ਬਿਨਾਂ ਰਜਿਸਟ੍ਰੇਸ਼ਨ ਤੋਂ ਕੋਈ ਵੀ ਆਮ, ਛੋਟਾ ਜਾਂ ਦਰਮਿਆਨਾ ਵਪਾਰੀ/ ਦੁਕਾਨਦਾਰ ਬ੍ਰਾਂਡਡ ਬੀਜ ਨਹੀਂ ਵੇਚ ਸਕੇਗਾ। ਦੁਨੀਆ ਦੀਆਂ ਪੰਜ-ਛੇ ਵੱਡੀਆਂ ਕੰਪਨੀਆਂ ਪਹਿਲਾਂ ਹੀ ਖੇਤੀ ਖੋਜ, ਬੀਜ ਅਤੇ ਕੀਟਨਾਸ਼ਕਾਂ ਨੂੰ 75 ਫੀਸਦੀ ਤੱਕ ਕੰਟਰੋਲ ਕਰਦੀਆਂ ਹਨ।ਸਰਕਾਰ ਇਨ੍ਹਾਂ ਕੰਪਨੀਆਂ ਨੂੰ ਲਾਇਸੈਂਸ ਦੇ ਕੇ ਦੇਸ਼ ਦੇ ਖੇਤੀ ਸੈਕਟਰ ’ਤੇ ਕਬਜ਼ਾ ਕਰਵਾਉਣ ਦੀ ਡੂੰਘੀ ਸਾਜ਼ਿਸ਼ ਕਰ ਰਹੀ ਹੈ।
ਐਕਸ਼ਨ ਵਿੱਚ ਇੰਪਲਾਈਜ਼ ਫੈਡਰੇਸ਼ਨ ਦੇ ਰਘਵੀਰ ਸਿੰਘ ਘੱਗਾ, ਅਜੀਤ ਸਿੰਘ ਮੌਲਵੀਵਾਲਾ ਅਤੇ ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਬਲਵਿੰਦਰ ਸਿੰਘ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂ ਹਰਭਜਨ ਸਿੰਘ ਧੂਹੜ, ਦਲਜਿੰਦਰ ਸਿੰਘ ਹਰਿਆਊ, ਜਸਵਿੰਦਰ ਸਿੰਘ ਬਰਾਸ, ਮਲਕੀਤ ਸਿੰਘ ਨਿਆਲ, ਸੂਬੇਦਾਰ ਨਰਾਤਾ ਰਾਮ, ਜਗਜੀਤ ਸਿੰਘ ਦੁਗਾਲ, ਸੁਖਦੇਵ ਸਿੰਘ ਨਿਆਲ, ਸਾਹਿਬ ਸਿੰਘ ਦੁਤਾਲ, ਗੁਰਮੁਖ ਸਿੰਘ ਕਲਵਾਨੂ, ਮਹਿੰਦਰ ਸਿੰਘ ਖਾਂਗ, ਚਰਨਜੀਤ ਕੌਰ, ਅਵਤਾਰ ਸਿੰਘ ਬੁਰੜ ਅਤੇ ਹਰਦੇਵ ਸਿੰਘ ਘੱਗਾ ਆਦਿ ਨੇ ਸੰਬੋਧਨ ਕੀਤਾ।
ਤਰਨ ਤਾਰਨ : ਸੰਯੁਕਤ ਕਿਸਾਨ ਮੋਰਚਾ ਦੇ ਸੂਬਾ ਪੱਧਰੀ ਸੱਦੇ ’ਤੇ ਬਿਜਲੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਜ਼ਦੂਰ ਜਥੇਬੰਦੀਆਂ ਦੀ ਡਟਵੀਂ ਹਮਾਇਤ ਨਾਲ ਸਥਾਨਕ ਪਾਵਰਕਾਮ ਦੇ ਸਰਕਲ ਦਫਤਰ ਦੇ ਗੇਟ ’ਤੇ ਬਿਜਲੀ ਸੋਧ ਬਿੱਲ 2025, ਸੀਡ ਬਿੱਲ 2025 ਅਤੇ ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਫੂਕ ਕੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਜ਼ੋਰਦਾਰ ਪਿੱਟ-ਸਿਆਪਾ ਕੀਤਾ। ਇਸ ਰੋਸ ਧਰਨੇ ਵਿੱਚ ਇਕੱਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨਿਰਵੈਲ ਸਿੰਘ ਡਾਲੇਕੇ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਮੁਗਲ ਚੱਕ , ਬਲਕਾਰ ਸਿੰਘ ਵਲਟੋਹਾ, ਜੱਸਾ ਸਿੰਘ ਕੱਦਗਿਲ, ਬਲਬੀਰ ਸਿੰਘ ਝਾਮਕਾ, ਜਸਵਿੰਦਰ ਸਿੰਘ ਮਾਨੋਚਾਹਲ ਅਤੇ ਬਿਜਲੀ ਮੁਲਾਜ਼ਮ ਪੈਨਸ਼ਨਰਜ਼ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਲਖਵੀਰ ਸਿੰਘ ਰੈਸੀਆਣਾ, ਰਣਜੀਤ ਸਿੰਘ, ਨਰਿੰਦਰ ਬੇਦੀ, ਕਰਮਜੀਤ ਸਿੰਘ ਮੱਲਮੋਹਰੀ ਤੋਂ ਇਲਾਵਾ ਖੇਤ ਮਜ਼ਦੂਰ ਸਭਾ ਦੇ ਆਗੂ ਚਰਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2025 ਦਾ ਲੋਕ ਵਿਰੋਧੀ ਖਰੜਾ ਕਾਨੂੰਨ ਬਣ ਜਾਣ ਨਾਲ ਸਾਰੇ ਰਾਜਾਂ ਦੇ ਬਿਜਲੀ ਵਿਭਾਗ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਚਲੇ ਜਾਣਗੇ।ਇਸ ਮੌਕੇ ਕੇਂਦਰ ਸਰਕਾਰ ਦੇ ਸੀਡ ਬਿੱਲ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਗਿਆ, ਕਿਉਕਿ ਇਹ ਸੀਡ ਬਿੱਲ ਪਾਸ ਹੋਣ ਨਾਲ ਕਿਸਾਨ ਤੇ ਯੂਨੀਵਰਸਿਟੀਆਂ ਬੀਜ ਨਹੀਂ ਪੈਦਾ ਨਹੀਂ ਕਰ ਸਕਣਗੀਆਂ ਤੇ ਸਾਰੇ ਬੀਜਾਂ ’ਤੇ ਕਾਰਪੋਰੇਟ ਘਰਾਣਿਆਂ ਦਾ ਹੀ ਕਬਜ਼ਾ ਹੋ ਜਾਵੇਗਾ ਤੇ ਆਪਣੇ ਤੌਰ ’ਤੇ ਕੋਈ ਵੀ ਬੀਜਾਂ ਦੀ ਵਿਕਰੀ ਨਹੀਂ ਕਰ ਸਕੇਗਾ, ਜਿਸ ਨਾਲ ਪੰਜਾਬ ਸਮੇਤ ਦੇਸ਼ ਦਾ ਖੇਤੀ ਸੈਕਟਰ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਹੋ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਸਮਾਜ ਦੇ ਹਰ ਵਰਗ ਨੂੰ ਇਹਨਾਂ ਲੋਕ ਮਾਰੂ ਬਿੱਲਾਂ ਵਿਰੁੱਧ ਡਟ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਆਗੂਆਂ ਕਿਹਾ ਕਿ ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਇਹ ਲੋਕ ਮਾਰੂ ਫੈਸਲੇ ਵਾਪਸ ਨਾ ਲਏ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।