ਸ਼ਾਹਕੋਟ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੇ ਸਦਰ ਮੁਕਾਮ ਦਿੱਲੀ ਦੇ ਰੈੱਡ ਗਾਰਡਾਂ ਵਿੱਚ ਸਭ ਤੋਂ ਸੀਨੀਅਰ ਅਤੇ ਸੰਜੀਦਾ ਵਿਅਕਤੀ ਅਮਰੀਕ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸੀ ਪੀ ਆਈ ਦੇ ਦਿੱਲੀ ਦਫਤਰ ਜਾਣ ਵਾਲੇ ਪੰਜਾਬੀਆਂ ਲਈ ਹਮੇਸ਼ਾ ਮਦਦਗਾਰ ਰਹਿੰਦੇ ਸਨ। ਉਹ ਪਾਰਟੀ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ। ਉਨ੍ਹਾ ਦੇ ਤੁਰ ਜਾਣ ਨਾਲ ਸੀ ਪੀ ਆਈ ਨੂੰ ਵੱਡਾ ਘਾਟਾ ਪਿਆ ਹੈ।
ਦੱਸਣਯੋਗ ਹੈ ਕਿ ਉਹ ਜਿੱਥੇ ਸੀ ਪੀ ਆਈ ਦੇ ਇਤਿਹਾਸ ਤੋਂ ਜਾਣੂ ਸਨ, ਉੱਥੇ ਉਹ ਦਿੱਲੀ ਦਾ ਵੀ ਚੱਲਦਾ-ਫਿਰਦਾ ਇਤਿਹਾਸ ਸਨ।ਮੰਗਲਵਾਰ ਉਨ੍ਹਾ ਦਾ ਅੰਤਮ ਸੰਸਕਾਰ ਦਿੱਲੀ ਵਿਖੇ ਕਰ ਦਿੱਤਾ ਗਿਆ। ਪਾਰਟੀ ਦੇ ਸਿਖਰਲੇ ਆਗੂਆਂ ਨੇ ਉਹਨਾ ਦੀ ਮਿ੍ਰਤਕ ਦੇਹ ’ਤੇ ਲਾਲ ਝੰਡਾ ਪਾ ਕੇ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਅਮਰੀਕ ਸਿੰਘ ਦੇ ਦੋਨੋਂ ਪੁੱਤਰ, ਰਿਸ਼ਤੇਦਾਰ, ਪਾਰਟੀ ਜਨਰਲ ਸਕੱਤਰ ਡੀ. ਰਾਜਾ, ਅਮਰਜੀਤ ਕੌਰ ਜਨਰਲ ਸਕੱਤਰ ਏਟਕ, ਰਾਮਾ�ਿਸ਼ਨਾ ਪਾਂਡਾ ਪਾਰਟੀ ਸਕੱਤਰੇਤ ਮੈਂਬਰ, ਸੰਤੋਸ਼ ਕੁਮਾਰ ਐੱਮ ਪੀ, ਨੈਸ਼ਨਲ ਫ਼ੈਡਰੇਸ਼ਨ ਆਫ਼ ਇੰਡੀਅਨ ਵੂਮੈਨ ਦੀ ਜਨਰਲ ਸਕੱਤਰ ਨਿਸ਼ਾ ਸਿੱਧੂ, ਭਾਰਤੀਯ ਖੇਤ ਮਜ਼ਦੂਰ ਯੂਨੀਅਨ ਦੇ ਵੀ ਐੱਸ ਨਿਰਮਲ, ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਵੈਂਕਈਆ, ਕੇ ਡੀ ਸਿੰਘ, ਰੈੱਡ ਗਾਰਡ ਯੰਗ ਬਹਾਦਰ ਅਤੇ ਸੀਤਾ ਰਾਮ, ਦਿੱਲੀ ਪਾਰਟੀ ਸਕੱਤਰ ਦਿਨੇਸ਼ ਵਾਸ਼ਨੇ, ‘ਮੁਕਤੀ ਸੰਘਰਸ਼’ ਦੇ ਸੰਪਾਦਕ ਮਹੇਸ਼ ਰਾਠੀ, ਵਨੀਤ ਤਿਵਾੜੀ, ਪ੍ਰੋ. ਜਯਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਦਿਨੇਸ਼ ਰੰਗਾਰਾਜ, ਸਰਬ ਭਾਰਤ ਨੌਜਵਾਨ ਸਭਾ ਦੇ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ, ਪ੍ਰਧਾਨ ਰੋਸ਼ਨ ਕੁਮਾਰ ਸਿਨਹਾ, ਸਾਬਕਾ ਪ੍ਰਧਾਨ ਆਫ਼ਤਾਬ ਆਲਮ ਖਾਨ ਤੋਂ ਇਲਾਵਾ ਪਾਰਟੀ ਹੈੱਡਕੁਆਰਟਰ ਅਜੈ ਭਵਨ, ਪਾਰਟੀ ਅਖ਼ਬਾਰਾਂ ‘ਮੁਕਤੀ ਸੰਘਰਸ਼’ ਅਤੇ ‘ਨਿਊ ਏਜ’ ਦੇ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।





