ਪਟਿਆਲਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: 41 ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 34 ਵੀਂ ਬਰਸੀ, ਜੋ ਕਾਮਰੇਡ ਅਣਖੀ ਯਾਦਗਾਰੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਅੱਜ ਮਨਾਈ ਜਾ ਰਹੀ ਹੈ, ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪੂਰੇ ਫੈਕਟਰੀ ਏਰੀਆ ਨੂੰ ਏਟਕ ਦੀਆਂ ਲਾਲ ਝੰਡੀਆਂ ਅਤੇ ਮਾਟੋ ਲਾ ਕੇ ਵਰਕਰਾਂ ਵਿੱਚ ਉਤਸ਼ਾਹ ਭਰਨ ਲਈ ਫੈਡਰੇਸ਼ਨ ਏਟਕ ਅਤੇ ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾਈ ਆਗੂਆਂ ਰਛਪਾਲ ਸਿੰਘ ਪਾਲੀ ਅਤੇ ਰਾਜਿੰਦਰ ਸਿੰਘ ਰਾਜਪੁਰਾ ਦੀ ਅਗਵਾਈ ਹੇਠ ਨਾਜਰ ਸਿੰਘ, ਬਲਬੀਰ ਸਿੰਘ , ਮੋਹਨ ਸਿੰਘ ਗਿੱਲ, ਸੰਤੋਖ ਸਿੰਘ ਬੋਪਾਰਾਏ, ਚਰਨ ਸਿੰਘ, ਐੱਸ ਡੀ ਓ ਜਗਤਾਰ ਸਿੰਘ, ਐੱਸ ਡੀ ਓਭਾਨ ਸਿੰਘ ਆਦਿ ਨੇ ਸ਼ਾਨਦਾਰ ਸੇਵਾਵਾਂ ਦੇ ਕੇ ਸਜਾਇਆ ਅਤੇ ਪੂਰੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ।
ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਜਨਰਲ ਸਕੱਤਰ ਸਰਿੰਦਰਪਾਲ ਸਿੰਘ ਲਹੌਰੀਆ ਨੇ ਕਿਹਾ ਕਿ ਬਿਜਲੀ ਕਾਮਿਆਂ ਦੀ ਲਹਿਰ ਦੇ ਨਿਧੱੜਕ ਆਗੂ ਰਹੇ ਭਗਵਾਨ ਸਿੰਘ ਅਣਖੀ, ਐੱਚ ਐੱਸ ਪਰਮਾਰ, ਸਤਨਾਮ ਸਿੰਘ ਛਲੇੜੀ, ਮਹਿਦਰ ਸਿੰਘ ਬਟਾਲਾ ਸਮੇਤ ਹੋਰ ਵਿਛੋੜਾ ਦੇ ਚੁੱਕੇ ਆਗੂਆਂ ਨੂੰ ਪੰਜਾਬ ਏਟਕ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕਰਨ ਅਤੇ ਵਿਛੋੜਾ ਦੇ ਗਏ ਆਗੂਆਂ ਦੇ ਪਰਵਾਰਕ ਮੈਂਬਰਾਂ ਨੂੰ ਸਨਮਾਨਤ ਕਰਨ ਉਪਰੰਤ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੰਬੰਧਤ ਏਟਕ) ਦੇ ਆਗੂ ਅਤੇ ਮੈਂਬਰ ਫੈਕਟਰੀ ਏਰੀਆ ਤੋਂ ਪਾਵਰਕਾਮ ਦੇ ਮੁੱਖ ਦਫਤਰ ਤੱਕ ਸ਼ਹਿਰ ਵਿੱਚ ਅਮਨਪੂਰਵਕ ਤਰੀਕੇ ਨਾਲ ਲਾਲ ਝੰਡੇ ਅਤੇ ਮਾਟੋ ਹੱਥਾਂ ਵਿੱਚ ਫੜ ਕੇ ਰੋਹ ਭਰਪੂਰ ਰੋਸ ਮਾਰਚ ਕਰਦੇ ਹੋਏ ਮੁੱਖ ਦਫ਼ਤਰ ਦੇ ਮੇਨ ਗੇਟ ’ਤੇ ਬਿਜਲੀ ਸੋਧ ਬਿੱਲ 2025 ਦੇ ਖਰੜੇ ਅਤੇ ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਫੂਕ ਕੇ ਪੰਜਾਬ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਦੀ ਲੋਕ ਵਿਰੋਧੀ ਤਜਵੀਜ਼ ਖਿਲਾਫ਼ ਜ਼ੋਰਦਾਰ ਅਵਾਜ਼ ਬੁਲੰਦ ਕਰਨਗੇ। ਆਗੂਆਂ ਕਿਹਾ ਕਿ ਕਾਮਰੇਡ ਅਣਖੀ ਅਤੇ ਹੋਰ ਵਿਛੋੜਾ ਦੇ ਚੁੱਕੇ ਆਗੂਆਂ ਦੀ ਨਿੱਘੀ ਯਾਦ ਨੂੰ ਤਾਜ਼ਾ ਰੱਖਣ ਲਈ ਮੁਲਾਜ਼ਮ ਅਤੇ ਪੈਨਸ਼ਨਰ ਸੂਬਾ ਭਰ ਤੋਂ ਵਹੀਰਾਂ ਘੱਤ ਕੇ 11 ਵਜੇ ਪਟਿਆਲਾ ਪਹੁੰਚਣਗੇ।




