ਮੈਕਸੀਕੋ ਭਾਰਤ ’ਤੇ 50 ਫੀਸਦੀ ਟੈਰਿਫ ਠੋਕੇਗਾ

0
16

ਮੈਕਸੀਕੋ ਸਿਟੀ : ਮੈਕਸੀਕੋ ਦੀ ਸੈਨੇਟ ਨੇ ਬੁੱਧਵਾਰ ਭਾਰਤ, ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਤੋਂ ਦਰਾਮਦਗੀ ਉੱਤੇ ਅਗਲੇ ਸਾਲ ਤੋਂ 50 ਫੀਸਦੀ ਤੱਕ ਟੈਕਸ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰੋਬਾਰੀ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਇਸ ਫੈਸਲੇ ਦਾ ਉਦੇਸ਼ ਸਥਾਨਕ ਉਦਯੋਗ ਨੂੰ ਮਜ਼ਬੂਤ ਕਰਨਾ ਕਿਹਾ ਗਿਆ ਹੈ। ਹੇਠਲੇ ਸਦਨ ਵੱਲੋਂ ਪਹਿਲਾਂ ਪਾਸ ਕੀਤੇ ਗਏ ਇਸ ਪ੍ਰਸਤਾਵ ਦੇ ਤਹਿਤ 2026 ਤੋਂ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕੁਝ ਸਮਾਨਾਂ ’ਤੇ 50 ਫੀਸਦੀ ਤੱਕ ਦੇ ਨਵੇਂ ਟੈਰਿਫ ਲਗਾਏ ਜਾਣਗੇ ਜਾਂ ਵਧਾਏ ਜਾਣਗੇ, ਜਿਨ੍ਹਾਂ ਦਾ ਮੈਕਸੀਕੋ ਨਾਲ ਕੋਈ ਵਪਾਰ ਸਮਝੌਤਾ ਨਹੀਂ ਹੈ। ਇਨ੍ਹਾਂ ਦੇਸ਼ਾਂ ਵਿੱਚ ਚੀਨ, ਭਾਰਤ, ਦੱਖਣੀ ਕੋਰੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ। ਟੈਰਿਫ ਵਧਾਉਣ ਵਾਲੇ ਸਾਮਾਨ ਵਿੱਚ ਆਟੋਮੋਬਾਈਲਜ਼, ਆਟੋ ਪਾਰਟਸ, ਟੈਕਸਟਾਈਲ (ਕੱਪੜੇ), ਪਲਾਸਟਿਕ ਅਤੇ ਸਟੀਲ ਸ਼ਾਮਲ ਹਨ। ਜ਼ਿਆਦਾਤਰ ਉਤਪਾਦਾਂ ’ਤੇ ਟੈਕਸ 35 ਫੀਸਦੀ ਤੱਕ ਵਧਾਏ ਜਾਣਗੇ।
ਉਧਰ, ਚੀਨ ਦੇ ਵਣਜ ਮੰਤਰਾਲੇ ਨੇ ਵੀਰਵਾਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਮੈਕਸੀਕੋ ਦੇ ਨਵੇਂ ਟੈਰਿਫ ਪ੍ਰਬੰਧ ਦੀ ਨਿਗਰਾਨੀ ਕਰੇਗਾ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰੇਗਾ, ਪਰ ਚੇਤਾਵਨੀ ਦਿੱਤੀ ਕਿ ਅਜਿਹੇ ਕਦਮ ਵਪਾਰ ਦੇ ਹਿੱਤਾਂ ਨੂੰ ਮਹੱਤਵਪੂਰਨ ਤੌਰ ’ਤੇ ਕਮਜ਼ੋਰ ਕਰਨਗੇ। ਚੀਨ ਨੇ ਇਸ ਨੂੰ ਇਕਪਾਸੜ ਸੁਰੱਖਿਆਵਾਦੀ ਕਾਰਵਾਈ ਕਰਾਰ ਦਿੱਤਾ ਹੈ।