ਨਵੀਂ ਦਿੱਲੀ : 2020 ਦੇ ਦਿੱਲੀ ਦੰਗਿਆਂ ਦੇ ਮੁਲਜ਼ਮ ਉਮਰ ਖਾਲਿਦ ਨੂੰ ਵੀਰਵਾਰ ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ 16 ਤੋਂ 29 ਦਸੰਬਰ ਲਈ ਅੰਤਰਮ ਜ਼ਮਾਨਤ ਦੇ ਦਿੱਤੀ। ਉਸ ਨੂੰ ਇਹ ਰਾਹਤ ਭੈਣ ਦੇ ਵਿਆਹ ਲਈ ਮਿਲੀ ਹੈ। ਜੇ ਐੱਨ ਯੂ ਦੇ ਸਾਬਕਾ ਵਿਦਿਆਰਥੀ ਅਤੇ ਕਾਰਕੰੁਨ ਉਮਰ ਖਾਲਿਦ 2020 ਤੋਂ ਦਿੱਲੀ ਦੰਗੇ ਭੜਕਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਜੇਲ੍ਹ ’ਚ ਹੈ। ਉਸ ’ਤੇ ਯੂ ਏ ਪੀ ਏ ਤਹਿਤ ਦੋਸ਼ ਲਗਾਇਆ ਗਿਆ ਹੈ।
ਐਡੀਸ਼ਨਲ ਸੈਸ਼ਨ ਜੱਜ ਸਮੀਰ ਵਾਜਪਾਈ ਨੇ ਕਿਹਾ ਕਿ ਖਾਲਿਦ ਨੂੰੰ 20,000 ਰੁਪਏ ਦਾ ਨਿੱਜੀ ਮੁਚਲਕਾ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤੀਆਂ ਜਮ੍ਹਾਂ ਕਰਾਉਣੀਆਂ ਪੈਣਗੀਆਂ।
ਉਹ ਦਿੱਲੀ ਦੰਗਿਆਂ ਦੇ ਮਾਮਲੇ ਨਾਲ ਸੰਬੰਧਤ ਕਿਸੇ ਵੀ ਚਸ਼ਮਦੀਦ ਗਵਾਹ ਜਾਂ ਕਿਸੇ ਹੋਰ ਵਿਅਕਤੀ ਨਾਲ ਸੰਪਰਕ ਨਹੀਂ ਕਰੇਗਾ। ਉਹ ਆਪਣਾ ਮੋਬਾਈਲ ਨੰਬਰ ਜਾਂਚ ਅਧਿਕਾਰੀ ਨੂੰ ਦੇਵੇਗਾ ਅਤੇ ਅੰਤਰਮ ਜ਼ਮਾਨਤ ਦੀ ਪੂਰੀ ਮਿਆਦ ਲਈ ਇਸ ਨੂੰ ਚਾਲੂ ਰੱਖੇਗਾ।
ਉਹ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰੇਗਾ। ਉਸ ਨੂੰ ਆਪਣੇ ਪਰਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹੀ ਮਿਲਣ ਦੀ ਇਜਾਜ਼ਤ ਹੋਵੇਗੀ। ਅਦਾਲਤ ਨੇ ਉਮਰ ਨੂੰ ਆਪਣੇ ਘਰ ਜਾਂ ਉਨ੍ਹਾਂ ਥਾਵਾਂ ’ਤੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿੱਥੇ ਵਿਆਹ ਦੀਆਂ ਰਸਮਾਂ ਹੋਣਗੀਆਂ।





