ਨਵਾਂਸ਼ਹਿਰ ਦੇ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ

0
108

ਬਲਾਚੌਰ (ਜਸਵਿੰਦਰ ਬੈਂਸ)
ਬਲਾਚੌਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਹੌਲ ਬਣ ਗਿਆ, ਜਦ ਬਲਾਚੌਰ ਦੇ ਸੁੱਜੋਵਾਲ ਰੋਡ ’ਤੇ ਸਥਿਤ ਖਾਲਸਾ ਫਾਰਮ ਦੇ ਨਜ਼ਦੀਕ ਇੱਕ ਵਿਅਕਤੀ ਦੀ ਕਾਰ ਸਮੇਤ ਅੱਧਸੜੀ ਲਾਸ਼ ਬਰਾਮਦ ਹੋਈ। ਇਹ ਅੱਧਸੜੀ ਲਾਸ਼ ਬੜੇ ਹੀ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਗਵਾਹੀ ਭਰਦੀ ਹੈ।ਕਾਤਲਾਂ ਵੱਲੋਂ ਸਬੂਤ ਮਿਟਾਉਣ ਦੇ ਇਰਾਦੇ ਨਾਲ ਕਤਲ ਕਰਨ ਉਪਰੰਤ ਲਾਸ਼ ਨੂੰ ਕਾਰ ਵਿੱਚ ਰੱਖ ਕੇ ਅੱਗ ਲਗਾਈ ਹੈ। ਥਾਣਾ ਸਿਟੀ ਬਲਾਚੌਰ ਦੇ ਮੁੱਖ ਅਫਸਰ ਇੰਸਪੈਕਟਰ ਰਾਜਪਰਵਿੰਦਰ ਕੌਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾ ਦੱਸਿਆ ਕਿ ਮਿ੍ਰਤਕ ਦੀ ਸ਼ਨਾਖਤ ਨਵਾਂਸ਼ਹਿਰ ਦੇ ਪ੍ਰਸਿੱਧ ਕਰਿਆਨਾ ਕਾਰੋਬਾਰੀ ਰਵਿੰਦਰ ਸੋਬਤੀ ਵਜੋਂ ਹੋਈ ਹੈ ਅਤੇ ਮਿ੍ਰਤਕ ਦੇ ਪੁੱਤਰ ਸੁਮਿਤ ਸੋਬਤੀ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।ਸੁਮਿਤ ਸੋਬਤੀ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਪਿਤਾ ਆਪਣੀ ਕਾਰ ਵਿੱਚ ਬੰਗਾ ਰੋਡ ਤੋਂ ਘਰੇਲੂ ਕੰਮ ਵਾਲੀ ਔਰਤ ਨੂੰ ਲੈਣ ਗਿਆ ਸੀ, ਜਦ ਉਹ ਦੇਰ ਰਾਤ ਵਾਪਸ ਨਾ ਆਏ ਤਾਂ ਉਨ੍ਹਾਂ ਵੱਲੋਂ ਵਾਰ-ਵਾਰ ਆਪਣੇ ਪਿਤਾ ਦੇ ਫੋਨ ਉਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਨ੍ਹਾ ਨਾਲ ਸੰਪਰਕ ਨਹੀਂ ਹੋ ਸਕਿਆ।ਇੰਸਪੈਕਟਰ ਨੇ ਦੱਸਿਆ ਕਿ ਮੌਕੇ ’ਤੇ ਫੋਰੈਂਸਿਕ ਮਾਹਰਾਂ ਦੀ ਟੀਮ ਨੂੰ ਸੱਦਿਆ ਗਿਆ ਹੈ ਅਤੇ ਸੀ ਸੀ ਟੀ ਵੀ ਕੈਮਰਿਆ ਅਤੇ ਫੋਨ ਕਾਲ ਡਿਟੇਲਾਂ ਨੂੰ ਵੀ ਖੰਗਾਲਿਆ ਜਾਵੇਗਾ।