ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਸਰਬਸੰਮਤੀ ਦਾ ਐਤਵਾਰ ਸਮਰਥਨ ਕੀਤਾ ਅਤੇ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਹੋਣ ਜਾਂ ਨਾ, ਪਰ ਉਨ੍ਹਾ ਦਾ ਪਾਰਟੀ ‘ਚ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ, ਕਿਉਂਕਿ ਪਾਰਟੀ ਦੇ ਆਮ ਵਰਕਰਾਂ ‘ਚ ਉਹ ਮਾਨਤਾਪ੍ਰਾਪਤ ਆਗੂ ਹਨ | ਸਾਬਕਾ ਕੇਂਦਰੀ ਮੰਤਰੀ ਚਿਦੰਬਰਮ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ ਕਿਹਾ ਕਿ ਅਜੇ ਤੱਕ ਰਾਹੁਲ ਗਾਂਧੀ ਨੇ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ, ਪਰ ਸ਼ਾਇਦ ਉਨ੍ਹਾ ਦਾ ਵਿਚਾਰ ਬਦਲ ਜਾਵੇ | ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਿਦੰਬਰਮ ਨੇ ਇਕ ਇੰਟਰਵਿਊ ‘ਚ ਕਿਹਾ ਕਿ ਪਾਰਟੀ ਪ੍ਰਧਾਨ ਦੀ ਚੋਣ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ‘ਤੇ ਕਿਸੇ ਵੀ ਵਿਵਾਦ ਦੀ ਕੋਈ ਸੰਭਾਵਨਾ ਨਹੀਂ ਹੈ | ਉਨ੍ਹਾ ਕਿਹਾ ਕਿ ਕੇਂਦਰੀ ਚੋਣ ਅਥਾਰਿਟੀ ਦੇ ਪ੍ਰਧਾਨ ਮਧੂਸੂਦਨ ਮਿਸਤਰੀ ਜੇ ਕੁਝ ਆਗੂਆਂ ਦੀਆਂ ਚਿੰਤਾਵਾਂ ‘ਤੇ ਪਹਿਲੇ ਹੀ ਦਿਨ ਬਿਆਨ ਦੇ ਦਿੰਦੇ ਤਾਂ ਮਾਮਲਾ ਉਦੋਂ ਹੀ ਸੁਲਝ ਜਾਂਦਾ |

