ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਐੱਸ ਡੀ ਐੱਮ ਫਿਲੌਰ ਦਫਤਰ ਅੱਗੇ ਮੋਰਚਾ ਜਾਰੀ, ਭਲਕੇ ਚੱਕਾ ਜਾਮ

0
369

ਨੂਰਮਹਿਲ (ਬਾਲ ਕਿ੍ਸ਼ਨ ਬਾਲੀ)
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਰੇਲ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਸਥਾਨਕ ਐੱਸ ਡੀ ਐੱਮ ਦਫਤਰ ਅੱਗੇ 15 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਮੋਰਚਾ ਚੌਥੇ ਦਿਨ ਵੀ ਜਾਰੀ ਰਿਹਾ | ਸਾਂਝੇ ਮੋਰਚੇ ਦੇ ਆਗੂ ਹੰਸ ਰਾਜ ਪੱਬਵਾਂ, ਚੰਨਣ ਸਿੰਘ ਬੁੱਟਰ, ਚਰਨਜੀਤ ਥੰਮੂਵਾਲ, ਰਛਪਾਲ ਕੈਲੇ ਅਤੇ ਸੰਤੋਖ ਸਿੰਘ ਸੰਧੂ ਦੀ ਅਗਵਾਈ ਹੇਠ ਮਜ਼ਦੂਰਾਂ ਦੇ ਨਾਲ-ਨਾਲ ਕਿਸਾਨ ਵੀ ਦਿਨ-ਰਾਤ ਮੋਰਚੇ ਉੱਪਰ ਡਟੇ ਹੋਏ ਸਨ |
ਸਾਂਝੇ ਮੋਰਚੇ ਦੇ ਆਗੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮੇਜਰ ਫਿਲੌਰ ਨੇ ਦੱਸਿਆ ਕਿ ਮਗਨਰੇਗਾ ਤਹਿਤ ਪਰਵਾਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਸਾਰਾ ਸਾਲ ਕੰਮ ਤੇ ਦਿਹਾੜੀ 700 ਰੁਪਏ ਕੀਤੀ ਜਾਵੇ, ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਘੱਟ ਰੇਟ ‘ਤੇ ਅਮਲ ਵਿੱਚ ਦਿੱਤੀ ਜਾਵੇ, ਅਲਾਟ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕੀਤੇ ਜਾਣ, ਕਰਜ਼ਾ ਮੁਆਫੀ ਵਰਗੀਆਂ ਮਜ਼ਦੂਰ ਮੰਗਾਂ ਦੇ ਹੱਲ ਲਈ ਸੰਗਰੂਰ ਸਥਿਤ ਮੁੱਖ ਮੰਤਰੀ ਦੇ ਘਰ ਅੱਗੇ ਤਿੰਨ ਰੋਜ਼ਾ ਮੋਰਚੇ ਤੋਂ ਘਰਾਂ ਨੂੰ ਵਾਪਸ ਪਰਤ ਰਹੇ ਦੋ ਮਜ਼ਦੂਰਾਂ ਨੂੰ ਰੇਲ ਗੱਡੀ ਨੇ ਦਰੜ ਦਿੱਤਾ, ਇਹ ਮਜ਼ਦੂਰ ਬੇਜ਼ਮੀਨੇ ਸਨ | ਬਦਲਾਅ ਦਾ ਨਾਹਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਬੇਜ਼ਮੀਨੇ ਦਲਿਤਾਂ ਨਾਲ ਭੇਦ-ਭਾਵ, ਵਿਤਕਰੇਬਾਜ਼ੀ ਕਰ ਰਹੀ ਹੈ | ਇਸ ਕਾਰਨ ਹੀ ਏਨੇ ਦਿਨ ਬੀਤਣ ਬਾਅਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਅਤੇ ਨਾ ਹੀ ਸ਼ਹੀਦ ਮਜ਼ਦੂਰਾਂ ਦੇ ਵਾਰਸਾਂ ਨੂੰ ਇੱਕ-ਇੱਕ ਨੌਕਰੀ ਅਤੇ 10-10 ਲੱਖ ਰੁਪਏ ਮੁਆਵਜ਼ਾ ਦੇਣ ਲਈ ਤਿਆਰ ਹੈ |
ਐਕਸ਼ਨ ਦੀ ਤਿਆਰੀ ਵਜੋਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਪਿੰਡ ਕਤਪਾਲੋਂ ਵਿਖੇ ਸੋਢੀ ਰਾਮ ਅਤੇ ਬੀਬੀ ਪਾਲੋ ਦੀ ਪ੍ਰਧਾਨਗੀ ਹੇਠ ਖੇਤ ਮਜ਼ਦੂਰਾਂ ਦਾ ਇੱਕ ਭਰਵਾਂ ਇੱਕਠ ਹੋਇਆ, ਜਿਸ ਨੂੰ ਸੰਬੋਧਨ ਕਰਦਿਆਂ ਚਰਨਜੀਤ ਥੰਮੂਵਾਲ ਨੇ ਲੋਕਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਸਾਡੇ ਸਬਰ ਦਾ ਇਮਤਿਹਾਨ ਨਾ ਲਵੇ | ਸੰਘਰਸ਼ਸ਼ੀਲ ਜਥੇਬੰਦੀਆਂ ਦੇ ਕਾਰਕੁਨ ਆਪਣੇ ਸਾਥੀਆਂ ਨੂੰ ਇਨਸਾਫ ਦਿਵਾ ਕੇ ਹੀ ਆਪਣੇ ਘਰਾਂ ਨੂੰ ਜਾਣਗੇ | ਇੱਕਠ ਨੂੰ ਸੀ ਪੀ ਆਈ ਤਹਿਸੀਲ ਫਿਲੌਰ ਦੇ ਸਕੱਤਰ ਰਸ਼ਪਾਲ ਕੈਲੇ ਨੇ ਵੀ ਸੰਬੋਧਨ ਕੀਤਾ | ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 20 ਸਤੰਬਰ ਨੂੰ ਦਿੱਲੀ-ਅੰਮਿ੍ਤਸਰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ | ਇਸ ਸੰਬੰਧੀ ਪੰਜਾਬ ਭਰ ਵਿੱਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਸ਼ਹੀਦ ਮਜ਼ਦੂਰਾਂ ਦੇ ਪਿੰਡ ਪੱਬਵਾਂ ਅਤੇ ਬੰਡਾਲਾ ਸਮੇਤ ਦਰਜਨਾਂ ਪਿੰਡਾਂ ਵਿੱਚ 20 ਸਤੰਬਰ ਨੂੰ ਫਿਲੌਰ ਵਿਖੇ ਕੀਤੇ ਜਾਣ ਵਾਲੇ ਚੱਕਾ ਜਾਮ ਦਾ ਮਜ਼ਦੂਰਾਂ, ਕਿਸਾਨਾਂ ਨੂੰ ਸੱਦਾ ਦਿੰਦੇ ਹੋਏ ਉਸ ਦੀ ਰੂਪ-ਰੇਖਾ ਉਲੀਕੀ ਗਈ |

LEAVE A REPLY

Please enter your comment!
Please enter your name here