ਚੰਡੀਗੜ੍ਹ : ਦੋ ਗੈਂਗਸਟਰ ਬਣੇ ਦਹਿਸ਼ਤਗਰਦਾਂ, ਜੋ ਵਿਦੇਸ਼ੀ ਟਿਕਾਣਿਆਂ ਤੋਂ ਕੰਮ ਕਰ ਰਹੇ ਸਨ ਅਤੇ ਪੰਜਾਬ ਵਿੱਚ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇੱਕ ਅੰਤਰ-ਰਾਜੀ ਅਪ੍ਰੇਸ਼ਨ ਵਿੱਚ ਮੁੰਬਈ ਤੋਂ ਗਿ੍ਰਫਤਾਰ ਕੀਤਾ ਗਿਆ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਦੋਵੇਂ ਸਾਜਨ ਮਸੀਹ ਅਤੇ ਮਨੀਸ਼ ਬੇਦੀ ਪਾਕਿਸਤਾਨ-ਅਧਾਰਤ ਅਤੇ ਆਈ ਐੱਸ ਆਈ-ਸਮਰਥਤ ਦਹਿਸ਼ਤਗਰਦ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ-ਅਧਾਰਤ (ਹਿਰਾਸਤ ਵਿੱਚ ਲਏ ਗਏ ਗੈਂਗਸਟਰ) ਹੈਪੀ ਪਾਸੀਆਂ ਦੇ ਅਹਿਮ ਹਿੱਸੇ ਸਨ। ਦੋਨੋਂ ਦੁਬਈ ਅਤੇ ਆਰਮੇਨੀਆ ਤੋਂ ਕੰਮ ਕਰ ਰਹੇ ਸਨ ਅਤੇ ਪੰਜਾਬ ਵਿੱਚ ਅਪਰਾਧਕ ਅਤੇ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਮਸੀਹ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ, ਜਦੋਂ ਕਿ ਬੇਦੀ ਅੰਮਿ੍ਰਤਸਰ ਨਾਲ ਸੰਬੰਧਤ ਹੈ। ਡੀ ਜੀ ਪੀ ਨੇ ਦੱਸਿਆ ਕਿ ਦੋਵੇਂ ਦੁਬਈ ਤੋਂ ਆਰਮੇਨੀਆ ਚਲੇ ਗਏ ਸਨ ਅਤੇ ਕੁਝ ਹੋਰ ਦੇਸ਼ਾਂ ਵਿੱਚ ਵੀ ਆਪਣਾ ਟਿਕਾਣਾ ਬਦਲ ਚੁੱਕੇ ਸਨ। ਉਹ ਕਈ ਅਪਰਾਧਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਕਤਲ, ਫਿਰੌਤੀਆਂ, ਡੇਰਾ ਬਾਬਾ ਨਾਨਕ ਤੇ ਬਟਾਲਾ ਵਿੱਚ ਗ੍ਰਨੇਡ ਹਮਲੇ ਸ਼ਾਮਲ ਹਨ।ਡੀ ਜੀ ਪੀ ਨੇ ਕਿਹਾ ਕਿ ਪੰਜਾਬ ਪੁਲਸ ਬੇਦੀ ਅਤੇ ਮਸੀਹ ਦੇ ਸਾਥੀ ਸ਼ਮਸ਼ੇਰ ਉਰਫ ਸ਼ੇਰਾ, ਜੋ ਆਰਮੇਨੀਆ ਤੋਂ ਦਹਿਸ਼ਤੀ ਗਤੀਵਿਧੀਆਂ ਦਾ ਤਾਲਮੇਲ ਕਰ ਰਿਹਾ ਹੈ, ਵਿਰੁੱਧ ਵੀ ਸ਼ਿਕੰਜਾ ਕੱਸ ਰਹੀ ਹੈ।




