ਜਲੰਧਰ : ਆਈ ਡਬਲਯੂ ਏ (ਗ੍ਰੇਟ ਬਿ੍ਰਟੇਨ), ਸ਼ਹੀਦ ਊਧਮ ਸਿੰਘ ਸੈਂਟਰ ਬਰਮਿੰਘਮ ਅਤੇ ਹੋਰ ਲੋਕ-ਪੱਖੀ ਸੰਸਥਾਵਾਂ ਨਾਲ ਲੰਮੇ ਅਰਸੇ ਤੋਂ ਜੁੜੇ ਅਤੇ ਸਮੇਂ-ਸਮੇਂ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ, ਮੇਲਾ ਗ਼ਦਰੀ ਬਾਬਿਆਂ ਦਾ ਨਾਲ਼ ਜੁੜ ਕੇ ਰਹਿਣ ਅਤੇ ਆਰਥਕ ਸਹਾਇਤਾ ਕਰਨ ਵਾਲੇ ਸਾਥੀ ਅਵਤਾਰ ਸਿੰਘ ਤਾਰੀ (ਤਾਰੀ ਅਟਵਾਲ ਕਰਕੇ ਜਾਣੇ ਜਾਂਦੇ) ਵੱਲੋਂ ਸੋਮਵਾਰ ਜਾਤੀ ਤੌਰ ’ਤੇ 5 ਲੱਖ ਰੁਪਏ ਦਾ ਚੈੱਕ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਹਾਲ ਅੰਦਰ ਲਿਫ਼ਟ ਲਾਉਣ ਲਈ ਬਰਮਿੰਘਮ (ਯੂ ਕੇ) ਤੋਂ ਆਏ ਕੁਲਵੰਤ ਸਿੰਘ ਕਮਲ (ਵਾਸੀ ਮੌ ਸਾਹਿਬ) ਰਾਹੀਂ ਭੇਟ ਕੀਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਮੇਟੀ ਦੀ ਤਰਫ਼ੋਂ ਅਵਤਾਰ ਤਾਰੀ ਦਾ ਦਿਲੋਂ ਧੰਨਵਾਦ ਕੀਤਾ। ਚੈੱਕ ਪ੍ਰਾਪਤ ਕਰਦੇ ਸਮੇਂ ਹਾਜ਼ਰ ਸਮੂਹ ਕਮੇਟੀ ਮੈਂਬਰਾਂ ਨੇ ਤਾਰੀ ਅਟਵਾਲ ਨੂੰ ਨਿੱਘੀ ਮੁਹੱਬਤ ਭਰਿਆ ਸੁਨੇਹਾ ਕੁਲਵੰਤ ਕਮਲ ਦੇ ਹੱਥ ਭੇਜਦੇ ਹੋਏ ਮਾਣ ਮਹਿਸੂਸ ਕੀਤਾ ਕਿ ਉਹਨਾ ਦੀ ਇਹ ਅਮੁੱਲੀ ਦੇਣ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੋਣ ਵਾਲੀਆਂ ਸਰਗਰਮੀਆਂ ਲਈ ਸਹਾਈ ਹੋਏਗੀ। ਕਮੇਟੀ ਨੇ ਕਿਹਾ ਕਿ ਆਪਣੀ ਮਹਾਨ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੀਆਂ ਸਰਗਰਮੀਆਂ ਨੂੰ ਸਹਾਈ ਹੋਣ ਲਈ ਅਜਿਹੇ ਉੱਦਮ ਕਰਨ ’ਤੇ ਕਮੇਟੀ ਨੂੰ ਅਥਾਹ ਮਾਣ ਹੈ। ਕੁਲਵੰਤ ਕਮਲ ਨੇ ਦੱਸਿਆ ਕਿ ਤਾਰੀ ਅਟਵਾਲ ਨੇ ਇਹ ਸੁਨੇਹਾ ਵੀ ਭੇਜਿਆ ਹੈ ਕਿ ਉਹ ਭਵਿੱਖ਼ ਵਿੱਚ ਹੋਰ ਸਹਾਇਤਾ ਵੀ ਕਰਨਗੇ। ਇਸ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਕਮੇਟੀ ਮੈਂਬਰ ਅਮੋਲਕ ਸਿੰਘ, ਚਰੰਜੀ ਲਾਲ ਕੰਗਣੀਵਾਲ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਅਜਮੇਰ ਸਿੰਘ ਅਤੇ ਸੁਰਿੰਦਰ ਕੁਮਾਰੀ ਕੋਛੜ ਵੀ ਹਾਜ਼ਰ ਸਨ।





