ਸ੍ਰੀਨਗਰ : ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਆਗੂ ਇਲਤਿਜਾ ਮੁਫ਼ਤੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਇੱਕ ਮੁਸਲਿਮ ਔਰਤ ਦਾ ਹਿਜ਼ਾਬ (ਪਰਦਾ) ਹਟਾਉਣ ਦੀ ਕੋਸ਼ਿਸ਼ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਸ੍ਰੀਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਇਹ ਇੱਕ ਸ਼ਰਮਨਾਕ ਕੰਮ ਹੈ। ਅਸੀਂ ਨਿਤੀਸ਼ ਜੀ ਦਾ ਸਤਿਕਾਰ ਕਰਦੇ ਹਾਂ, ਕਿਉਂਕਿ ਉਹ ਇੱਕ ਬੁੱਢੇ ਆਦਮੀ ਹਨ, ਪਰ ਜੇਕਰ ਤੁਸੀਂ ਇੰਨੇ ਬੁੱਢੇ ਹੋ ਗਏ ਹੋ ਕਿ ਇੱਕ ਪਾਸੇ ਤੁਸੀਂ ਉਸ ਨੂੰ ਡਿਗਰੀ ਦਿੰਦੇ ਹੋ ਅਤੇ ਦੂਜੇ ਪਾਸੇ ਤੁਸੀਂ ਉਸ ਦਾ ਪਰਦਾ ਉਤਾਰਦੇ ਹੋ, ਤਾਂ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।ਮੁਫ਼ਤੀ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਔਰਤ ਨੂੰ ਡਿਗਰੀ ਦੇ ਰਹੇ ਹੋ ਅਤੇ ਦੂਜੇ ਪਾਸੇ ਜਨਤਕ ਤੌਰ ’ਤੇ ਉਸ ਦਾ ਪਰਦਾ ਹਟਾ ਰਹੇ ਹੋ, ਇਹ ਬਹੁਤ ਹੀ ਮਾੜੀ ਹਰਕਤ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੋਈ ਹਿੰਦੂ ਔਰਤ ਦਾ ‘ਘੁੰਡ’ ਇਸ ਤਰ੍ਹਾਂ ਹਟਾਉਂਦਾ ਤਾਂ ਕੀ ਮਹਿਸੂਸ ਹੁੰਦਾ? ਉਨ੍ਹਾਂ ਇਸ ਘਟਨਾ ਵੇਲੇ ਹੱਸਣ ਵਾਲੇ ਆਗੂਆਂ, ਖ਼ਾਸ ਕਰਕੇ ਬਿਹਾਰ ਦੇ ਉਪ-ਮੁੱਖ ਮੰਤਰੀ (ਭਾਜਪਾ ਆਗੂ) ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਇਸ ਨੂੰ ਮਜ਼ਾਕ ਸਮਝ ਰਹੇ ਸਨ। ਇਲਤਿਜਾ ਮੁਫ਼ਤੀ ਨੇ ਚੇਤਾਵਨੀ ਦਿੱਤੀ ਕਿ ਮੁੱਖ ਮੰਤਰੀ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕਿਸੇ ਮੁਸਲਿਮ ਔਰਤ ਨੂੰ ਜ਼ਲੀਲ ਕਰਨ ਦਾ ਹੱਕ ਮਿਲ ਗਿਆ ਹੈ। ਉਨ੍ਹਾਂ ਕਿਹਾ, “ਜੇਕਰ ਅਜਿਹੀ ਹਰਕਤ ਦੁਬਾਰਾ ਹੋਈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।ਉਨ੍ਹਾਂ ਬਿਹਾਰ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਹੁਣ ਇੱਕ ਨਵਾਂ ਮੁੱਖ ਮੰਤਰੀ ਮਿਲਣਾ ਚਾਹੀਦਾ ਹੈ ਕਿਉਂਕਿ ਨਿਤੀਸ਼ ਕੁਮਾਰ ਹੁਣ ਉਮਰ ਅਤੇ ਸਿਹਤ ਕਾਰਨ ਸਹੀ ਫੈਸਲੇ ਲੈਣ ਜਾਂ ਵਿਹਾਰ ਕਰਨ ਦੇ ਸਮਰੱਥ ਨਹੀਂ ਜਾਪਦੇ।

