ਬਦਲਾਅ ਨਾਂਅ ਬਦਲਣ ਨਾਲ ਨਹੀਂ, ਕੰਮ ਕਰਨ ਨਾਲ ਆਵੇਗਾ : ਮਾਨ

0
14

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਨਵੇਂ ਪੇਂਡੂ ਰੁਜ਼ਗਾਰ ਬਿੱਲ (ਵੀ ਬੀ-ਜੀ ਰਾਮ ਜੀ) ’ਤੇ ਤਨਜ਼ ਕੱਸਦਿਆਂ ਕਿਹਾ ਕਿ ਕੇਂਦਰ ਨੇ ਪਹਿਲਾਂ ਰੇਲਵੇ ਸਟੇਸ਼ਨਾਂ ਅਤੇ ਸ਼ਹਿਰਾਂ ਦੇ ਨਾਂਅ ਬਦਲੇ ਅਤੇ ਹੁਣ ਉਹ ਸੰਸਥਾਵਾਂ ਦੇ ਨਾਂਅ ਬਦਲਣ ਵਿੱਚ ਰੁੱਝੇ ਹੋਏ ਹਨ। ਉਨ੍ਹਾ ਕਿਹਾ ਕਿ ਸਿਰਫ਼ ਨਾਂਅ ਬਦਲਣ ਨਾਲ ਕੁਝ ਨਹੀਂ ਹੁੰਦਾ, ਅਸਲ ਬਦਲਾਅ ਕੰਮ ਕਰਨ ਨਾਲ ਆਉਂਦਾ ਹੈ। ਮਾਨ ਨੇ ਵਿਅੰਗ ਕਰਦਿਆਂ ਕਿਹਾ, ‘ਉਨ੍ਹਾਂ ਸਟੇਸ਼ਨ ਅਤੇ ਸ਼ਹਿਰ ਬਦਲ ਦਿੱਤੇ, ਹੁਣ ਸਿਰਫ਼ ਦੇਸ਼ ਦਾ ਨਾਂਅ ਬਦਲਣਾ ਰਹਿ ਗਿਆ ਹੈ।ਉਨ੍ਹਾ ਕਿਹਾ ਕਿ ਜੇਕਰ ਕਿਸੇ ਦਾ ਨਾਂਅ ਬਦਲ ਕੇ ਅਮਿਤਾਭ ਬਚਨ ਜਾਂ ਸ਼ਾਹਰੁਖ ਖ਼ਾਨ ਰੱਖ ਦਿੱਤਾ ਜਾਵੇ, ਤਾਂ ਉਹ ਅਸਲ ਵਿੱਚ ਉਹ ਸ਼ਖ਼ਸੀਅਤ ਨਹੀਂ ਬਣ ਜਾਂਦਾ।’ ਮੁੱਖ ਮੰਤਰੀ ਨੇ ਕਿਹਾ ਕਿ ਦਿਹਾੜੀਦਾਰਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬਿੱਲ ਦਾ ਨਾਂਅ ਕੀ ਹੈ, ਉਨ੍ਹਾਂ ਨੂੰ ਸਿਰਫ਼ ਰੁਜ਼ਗਾਰ ਦੀ ਗਾਰੰਟੀ ਚਾਹੀਦੀ ਹੈ। ਲੋਕ ਚਾਹੁੰਦੇ ਹਨ ਕਿ ਕੰਮ ਹੋਵੇ, ਭਾਵੇਂ ਤੁਸੀਂ ਸ਼ਹਿਰ ਨੂੰ ਪ੍ਰਯਾਗਰਾਜ ਕਹੋ ਜਾਂ ਇਲਾਹਾਬਾਦ। ਮੁਹਾਲੀ ਵਿੱਖੇ ਕਬੱਡੀ ਖਿਡਾਰੀ ਦੇ ਹੋਏ ਕਤਲ ਬਾਰੇ ਵਿਰੋਧੀ ਧਿਰ ਵੱਲੋਂ ਘੇਰੇ ਜਾਣ ’ਤੇ ਮੁੱਖ ਮੰਤਰੀ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਅਤੇ ਕਿਹਾ ਜੋ ਕੋਈ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਪਰਾਧ ਕਰਕੇ ਕੋਈ ਵੀ ਬਚ ਨਹੀਂ ਸਕੇਗਾ। ਮੁੱਖ ਮੰਤਰੀ ਨੇ ਫਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀ ‘ਸ਼ਹੀਦੀ ਸਭਾ’ (25 ਤੋਂ 27 ਦਸੰਬਰ) ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾ ਦੱਸਿਆ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਨ ਲਈ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸੁਰੱਖਿਆ ਅਤੇ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ।