ਲੋਕ ਸਭਾ ’ਚ ਪੇਸ਼ ‘ਜੀ ਰਾਮ ਜੀ’ ਬਿੱਲ ਵਿਰੁੱਧ ਪ੍ਰਦਰਸ਼ਨ

0
9

ਨਵੀਂ ਦਿੱਲੀ : ਲੋਕ ਸਭਾ ਵਿੱਚ ਮੰਗਲਵਾਰ ਨੂੰ ‘ਵਿਕਸਿਤ ਭਾਰਤ – ਗਾਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) ਬਿੱਲ, 2025’ ਪੇਸ਼ ਕੀਤਾ ਗਿਆ। ਇਹ ਬਿੱਲ ਦੋ ਦਹਾਕੇ ਪੁਰਾਣੇ ‘ਮਹਾਤਮਾ ਗਾਂਧੀ ਕੌਮੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ’ (ਮਨਰੇਗਾ) ਦੀ ਜਗ੍ਹਾ ਲਵੇਗਾ। ਨਵਾਂ ਬਿੱਲ ਪੇਂਡੂ ਪਰਵਾਰਾਂ ਲਈ ਸਾਲ ਵਿੱਚ 125 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦਾ ਹੈ, ਜੋ ਕਿ ਮੌਜੂਦਾ 100 ਦਿਨਾਂ ਤੋਂ ਵੱਧ ਹੈ। ਇਸ ਦਾ ਮਕਸਦ ਅਣਸਿੱਖਿਅਤ ਸਰੀਰਕ ਕੰਮ ਕਰਨ ਦੇ ਇੱਛੁਕ ਬਾਲਗ ਮੈਂਬਰਾਂ ਨੂੰ ਆਮਦਨ ਦੀ ਸੁਰੱਖਿਆ ਪ੍ਰਦਾਨ ਕਰਨਾ ਅਤੇ ਪੇਂਡੂ ਖੇਤਰਾਂ ਵਿੱਚ ਉਤਪਾਦਕਤਾ ਵਧਾਉਣ ਵਾਲੇ ਅਸਾਸਿਆਂ ਦਾ ਨਿਰਮਾਣ ਕਰਨਾ ਹੈ।
ਉੱਧਰ ਕਾਂਗਰਸ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਨੇ ਇਸ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਹ ਨਵਾਂ ਕਾਨੂੰਨ ਅਸਲ ‘ਮਨਰੇਗਾ’ ਨੂੰ ਕਮਜ਼ੋਰ ਕਰੇਗਾ ਅਤੇ ਆਮਦਨ ਦੇ ਅਧਿਕਾਰ ਨੂੰ ਪ੍ਰਭਾਵਿਤ ਕਰੇਗਾ। ਮੈਨੂੰ ਨਾਂਅ ਬਦਲਣ ਵਾਲੀ ਇਹ ਗੱਲ ਸਮਝ ਨਹੀਂ ਆਉਂਦੀ। ਮਹਾਤਮਾ ਗਾਂਧੀ ਜੀ ਪੂਰੇ ਦੇਸ਼ ਦੀ ਭਾਵਨਾ ਹਨ।ਉਨ੍ਹਾਂ ਇਲਜ਼ਾਮ ਲਾਇਆ ਕਿ ਬਿੱਲ ਨੂੰ ਬਿਨਾਂ ਕਿਸੇ ਉਚਿੱਤ ਚਰਚਾ ਜਾਂ ਸਲਾਹ-ਮਸ਼ਵਰੇ ਦੇ ‘ਨਿੱਜੀ ਪੱਖਪਾਤ’ ਕਾਰਨ ਜਲਦਬਾਜ਼ੀ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਬਿੱਲ ਨੂੰ ਵਿਸਤਿ੍ਰਤ ਜਾਂਚ ਲਈ ਸੰਸਦੀ ਸਥਾਈ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾ ਇਹ ਵੀ ਨੁਕਤਾ ਉਠਾਇਆ ਕਿ ਮੌਜੂਦਾ ਮਨਰੇਗਾ ਕਰਮਚਾਰੀਆਂ ਨੂੰ ਅਕਸਰ ਆਪਣੀ ਮਜ਼ਦੂਰੀ ਮਿਲਣ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿ੍ਰਅੰਕਾ ਗਾਂਧੀ ਨੇ ਅੱਗੇ ਕਿਹਾ ਕਿ ਜਦੋਂ ਵੀ ਅਸੀਂ, ਜਨ ਪ੍ਰਤੀਨਿਧੀ, ਆਪਣੇ ਖੇਤਰਾਂ ਵਿਚ ਜਾਂਦੇ ਹਾਂ, ਅਸੀਂ ਮਨਰੇਗਾ ਵਰਕਰਾਂ ਨੂੰ ਦੂਰੋਂ ਦੇਖਦੇ ਹਾਂ। ਮਨਰੇਗਾ ਤਹਿਤ ਸਾਡੇ ਗਰੀਬ ਭਰਾਵਾਂ ਅਤੇ ਭੈਣਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਮੰਗ ’ਤੇ ਅਧਾਰਤ ਹੈ। ਇਸ ਦਾ ਮਤਲਬ ਹੈ ਕਿ ਜਿਥੇ ਵੀ ਰੁਜ਼ਗਾਰ ਦੀ ਮੰਗ ਹੈ, ਉਥੇ 100 ਦਿਨਾਂ ਦਾ ਰੁਜ਼ਗਾਰ ਲਾਜ਼ਮੀ ਹੈ। ਮਨਰੇਗਾ ਇੱਕ ਕ੍ਰਾਂਤੀਕਾਰੀ ਕਾਨੂੰਨ ਹੈ।
ਕਈ ਵਿਰੋਧੀ ਸੰਸਦ ਮੈਂਬਰਾਂ ਨੇ ਬਿੱਲ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ’ਤੇ ਮਹਾਤਮਾ ਗਾਂਧੀ ਦਾ ‘ਨਿਰਾਦਰ’ ਕਰਨ ਦਾ ਦੋਸ਼ ਲਗਾਇਆ ਅਤੇ ਪ੍ਰਸਤਾਵਿਤ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਰਕਾਰ ਵੱਲੋਂ ਲੋਕ ਸਭਾ ਵਿੱਚ ਮਨਰੇਗਾ ਦੀ ਥਾਂ ਲੈਣ ਲਈ ਬਿੱਲ ਪੇਸ਼ ਕਰਨ ਤੋਂ ਤੁਰੰਤ ਬਾਅਦ ਕਾਂਗਰਸ ਦੀ ਪਿ੍ਰਅੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਡੀ ਐੱਮ ਕੇ ਦੇ ਟੀ ਆਰ ਬਾਲੂ, ਆਰ ਐੱਸ ਪੀ ਦੇ ਐੱਨ ਕੇ ਪ੍ਰੇਮਚੰਦਰਨ ਸਮੇਤ ਹੋਰਾਂ ਨੇ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਕੋਲ ਪ੍ਰਦਰਸ਼ਨ ਕੀਤਾ ਅਤੇ ‘ਗਾਂਧੀ ਜੀ ਕਾ ਯੇ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’ ਦੇ ਨਾਅਰੇ ਲਗਾਏ। ਪਿ੍ਰਅੰਕਾ ਗਾਂਧੀ ਵਾਡਰਾ ਨੇ ਸਰਕਾਰ ’ਤੇ ਪਿਛਲੀ ਯੂ ਪੀ ਏ ਸਰਕਾਰ ਦੁਆਰਾ ਲਾਗੂ ਕੀਤੇ ਗਏ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਨੂੰਨ ‘ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ’ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਵਿਰੋਧੀ ਸੰਸਦ ਮੈਂਬਰ ਹੱਥਾਂ ਵਿੱਚ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਲੈ ਕੇ ਸੰਸਦ ਦੇ ਦੁਆਰ ਦੀਆਂ ਪੌੜੀਆਂ ਨੇੜੇ ਇਕੱਠੇ ਹੋਏ ਅਤੇ ਪ੍ਰੇਰਣਾ ਸਥਲ ’ਤੇ ਰਾਸ਼ਟਰ ਪਿਤਾ ਦੇ ਬੁੱਤ ਤੱਕ ਗਏ। ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਲੋਕ ਸਭਾ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ, ‘ਰਾਸ਼ਟਰ ਪਿਤਾ, ਮਹਾਤਮਾ ਗਾਂਧੀ ਨੇ ਦੇਸ਼ ਦੀ ਆਤਮਾ ਨੂੰ ਜਗਾਇਆ। ਉਨ੍ਹਾਂ ਨੇ ਸਾਡੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ… ਅੱਜ, ਭਾਜਪਾ ਕੋਲ ਕੁਝ ਨਵਾਂ ਕਰਨ ਲਈ ਨਹੀਂ ਹੈ, ਅਤੇ ਇਸ ਲਈ ਉਹ ਨਾਂਅ ਬਦਲ ਰਹੇ ਹਨ।’’ ਚੌਹਾਨ ਨੇ ਵਿਰੋਧੀ ਧਿਰ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਨਾ ਸਿਰਫ਼ ਮਹਾਤਮਾ ਗਾਂਧੀ ਵਿੱਚ ਵਿਸ਼ਵਾਸ ਰੱਖਦੀ ਹੈ, ਸਗੋਂ ਉਨ੍ਹਾਂ ਦੇ ਸਿਧਾਂਤਾਂ ’ਤੇ ਵੀ ਚੱਲਦੀ ਹੈ।