ਨਵੀਂ ਦਿੱਲੀ : ਪੰਜਾਬ ਦੇ ਬਰਨਾਲਾ, ਮਾਨਸਾ, ਮਲੇਰਕੋਟਲਾ ਅਤੇ ਸੰਗਰੂਰ ਜ਼ਿਲ੍ਹਿਆਂ ਲਈ ਚੰਗੀ ਖਬਰ ਹੈ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲ ਦੇ ਬਰਨਾਲਾ ਵਿਖੇ ਸਟਾਪੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਰਨਾਲਾ ਵਿੱਚ ਰੇਲ ਗੱਡੀ ਦੇ ਠਹਿਰਾਅ ਦੀ ਮੰਗ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਉਠਾਈ ਗਈ ਸੀ।
ਫਤਿਹਾਬਾਦ ਦੇ ਕਾਰੋਬਾਰੀ ਦੇ ਘਰ ’ਤੇ ਗੋਲੀਬਾਰੀ
ਸ੍ਰੀ ਗੋਇੰਦਵਾਲ ਸਾਹਿਬ : ਕਸਬਾ ਫਤਿਆਬਾਦ ਵਿੱਚ ਪੋਲਟਰੀ ਫਾਰਮ ਤੇ ਫੀਡ ਸਟੋਰ ਦਾ ਕਾਰੋਬਾਰ ਕਰਦੇ ਬੀਰਇੰਦਰਪਾਲ ਸਿੰਘ ਪੁੱਤਰ ਮਨਿੰਦਰ ਸਿੰਘ ਦੇ ਘਰ ’ਤੇ ਮੰਗਲਵਾਰ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। 6 ਦਸੰਬਰ ਨੂੰ ਉਸ ਦੇ ਫੋਨ ਨੰਬਰ ’ਤੇ ਕਿਸੇ ਅਣਪਛਾਤੇ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗਦਿਆਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ।
ਟੋਲ ਪਲਾਜ਼ੇ ਤੋਂ 80 ਦੀ ਸਪੀਡ ਨਾਲ ਲੰਘਣਗੀਆਂ ਗੱਡੀਆਂ!
ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਰਾਜ ਸਭਾ ਵਿੱਚ ਦੱਸਿਆ ਕਿ ਮਲਟੀ-ਲੇਨ ਫਰੀ ਫਲੋ (ਐੱਮ-ਐੱਲ ਐੱਫ ਐੱਫ) ਟੋਲ ਪ੍ਰਣਾਲੀ ਅਤੇ ਏ ਆਈ-ਅਧਾਰਤ ਹਾਈਵੇਅ ਪ੍ਰਬੰਧਨ ਦਾ ਕੰਮ 2026 ਦੇ ਅੰਤ ਤੱਕ ਦੇਸ਼-ਭਰ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾ ਕਿਹਾ ਕਿ ਇਹ ਨਵੀਂ ਤਕਨੀਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ’ਤੇ ਅਧਾਰਤ ਹੋਵੇਗੀ, ਜਿਸ ਨਾਲ 1,500 ਕਰੋੜ ਰੁਪਏ ਦੇ ਤੇਲ ਦੀ ਬੱਚਤ ਹੋਵੇਗੀ ਅਤੇ ਸਰਕਾਰੀ ਮਾਲੀਏ ਵਿੱਚ 6,000 ਕਰੋੜ ਰੁਪਏ ਦਾ ਵਾਧਾ ਹੋਵੇਗਾ। ਗਡਕਰੀ ਨੇ ਕਿਹਾ ਕਿ ਪਹਿਲਾਂ ਟੋਲ ਭਰਨ ਲਈ 3 ਤੋਂ 10 ਮਿੰਟ ਲੱਗਦੇ ਸਨ, ਫਿਰ ਫਾਸਟੈਗ ਕਾਰਨ ਇਹ ਸਮਾਂ ਘਟ ਕੇ 60 ਸੈਕਿੰਡ ਜਾਂ ਉਸ ਤੋਂ ਵੀ ਘੱਟ ਰਹਿ ਗਿਆ, ਹੁਣ ਫਾਸਟੈਗ ਦੀ ਥਾਂ ਐੱਮ-ਐੱਲ ਐੱਫ ਐੱਫ ਆਉਣ ਤੋਂ ਬਾਅਦ ਕਾਰਾਂ 80 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਟੋਲ ਪਾਰ ਕਰ ਸਕਣਗੀਆਂ ਅਤੇ ਕਿਸੇ ਨੂੰ ਵੀ ਰੋਕਿਆ ਨਹੀਂ ਜਾਵੇਗਾ। ਉਨ੍ਹਾ ਅੱਗੇ ਕਿਹਾ ਕਿ ਕੋਸ਼ਿਸ਼ ਉਡੀਕ ਸਮੇਂ ਨੂੰ ਜ਼ੀਰੋ ਮਿੰਟ ਕਰਨ ਦੀ ਹੈ, ਜਿਸ ਵਿੱਚ ਸੈਟੇਲਾਈਟ, ਏ ਆਈ ਅਤੇ ਫਾਸਟੈਗ ਰਾਹੀਂ ਨੰਬਰ ਪਲੇਟ ਦੀ ਪਛਾਣ ਕੀਤੀ ਜਾਵੇਗੀ। ਇਹ ਕੰਮ ਪੂਰਾ ਹੋ ਜਾਣ ’ਤੇ ਟੋਲ ਚੋਰੀ ਖਤਮ ਹੋ ਜਾਵੇਗੀ ਅਤੇ ਟੋਲ ਪਲਾਜ਼ਿਆਂ ’ਤੇ ਰੁਕਣ ਦੀ ਕੋਈ ਲੋੜ ਨਹੀਂ ਪਵੇਗੀ।




