ਪਟਿਆਲਾ : ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਥੜ੍ਹੇ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੰਬੰਧਤ ਏਟਕ) ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ (ਪਹਿਲਵਾਨ) ਨੇ ਭਗਵੰਤ ਮਾਨ ਸਰਕਾਰ ਦੇ ਪਾਵਰਕਾਮ ਅਦਾਰੇ ਨੂੰ ਖਤਮ ਕਰਕੇ ਪੂੰਜੀਪਤੀਆਂ ਦੇ ਹਵਾਲੇ ਕਰਨ ਦੇ ਲੋਕ ਵਿਰੋਧੀ ਮਨਸੂਬਿਆਂ ਤਹਿਤ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਦੇ ਘਾਤਕ ਫੈਸਲੇ ਖਿਲਾਫ਼ ਅਤੇ ਬਿਜਲੀ ਸੋਧ ਬਿੱਲ 2025 ਦੇ ਖਰੜੇ ਵਿਰੁੱਧ 16 ਅਕਤੂਬਰ ਤੋਂ 31 ਅਕਤੂਬਰ ਤੱਕ ਸਰਕਲ ਪੱਧਰੀ ਧਰਨੇ ਦੇਣ ਤੋਂ ਬਾਅਦ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ’ਤੇ ਲੁਧਿਆਣੇ ਧਰਨਾ ਲਗਾ ਕੇ ਰੋਸ ਮਾਰਚ ਕਰਨ ਉਪਰੰਤ 9 ਨਵੰਬਰ ਨੂੰ ਤਰਨ ਤਾਰਨ ਵਿੱਚ ਜ਼ਿਮਨੀ ਚੋਣ ਸਮੇਂ ਜ਼ੋਰਦਾਰ ਪ੍ਰਦਰਸ਼ਨ ਕਰਕੇ ਆਵਾਜ਼ ਬੁਲੰਦ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵੱਲੋਂ ਗੱਲਬਾਤ ਦੇ ਸਾਰੇ ਰਸਤੇ ਬੰਦ ਰੱਖਣ ਦੀ ਤਾਨਾਸ਼ਾਹੀ ਨੀਤੀ ਖਿਲਾਫ਼ ਸੰਘਰਸ਼ ਨੂੰ ਅੱਗੇ ਵਧਾਉਣ ਲਈ ਸਾਂਝੇ ਥੜ੍ਹੇ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਸ਼ਾਮਲ ਆਗੂਆਂ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕਰੜੀ ਨਿੰਦਾ ਕਰਦੇ ਹੋਏ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਤੋਂ 9 ਜਨਵਰੀ ਤੱਕ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਦੇ ਗੇਟ ਸਾਹਮਣੇ 11 ਆਗੂਆਂ ਵੱਲੋਂ ਲੜੀਵਾਰ 24 ਘੰਟੇ ਲਈ ਭੁੱਖ ਹੜਤਾਲ ਰੱਖ ਕੇ ਰੋਜ਼ਾਨਾ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਨਿੰਦਾ ਮਤਾ ਪਾਸ ਕਰਕੇ 12 ਦਸੰਬਰ ਨੂੰ ਅਦਾਰੇ ਦੇ ਸੀ ਐੱਮ ਡੀ ਵੱਲੋਂ ਮੁੱਖ ਦਫ਼ਤਰ ਵਿੱਚ ਮੌਜੂਦ ਹੋਣ ਦੇ ਬਾਵਜੂਦ ਜਥੇਬੰਦੀਆਂ ਨੂੰ ਪਹਿਲਾਂ ਤੋਂ ਤਹਿ ਕੀਤੀ ਲਿਖਤੀ ਮੀਟਿੰਗ ਦੇ ਬਾਵਜੂਦ ਜਾਣਬੁੱਝ ਕੇ ਮੁਲਾਕਾਤ ਨਾ ਕੀਤੇ ਜਾਣ ਦੀ ਨਿਖੇਧੀ ਕੀਤੀ ਗਈ। ਸਾਂਝੇ ਥੜੇ੍ਹ ਦੀ ਲੀਡਰਸ਼ਿਪ ਨੇ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਮੁਲਾਜ਼ਮ, ਮਜ਼ਦੂਰ, ਪੈਨਸ਼ਨਰ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਪਾਵਰਕਾਮ ਦੇ ਐੱਸ ਈ ਦਫਤਰਾਂ ਸਾਹਮਣੇ ਰੋਸ ਧਰਨਿਆਂ ਨੂੰ ਕਾਮਯਾਬ ਕਰਨ ਤੋਂ ਇਲਾਵਾ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਸੱਦੇ ’ਤੇ 21 ਜਨਵਰੀ ਨੂੰ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਪੰਜਾਬ ਸਰਕਾਰ ਵੱਲੋਂ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀਆਂ ਵਿਉਤਬੰਦੀਆਂ ਖਿਲਾਫ਼ ਅਤੇ ਸਾਂਝੇ ਥੜੇ੍ਹ ਵਿੱਚ ਸ਼ਾਮਲ ਜਥੇਬੰਦੀਆਂ ਨਾਲ 10 ਅਗਸਤ ਅਤੇ 14 ਅਗਸਤ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਦੇ ਨਿਪਟਾਰੇ ਸੰਬੰਧੀ ਕੀਤੇ ਸਮਝੌਤੇ ਲਾਗੂ ਨਾ ਕਰਨ ਖਿਲਾਫ਼ ਵੱਡੇ ਪੱਧਰ ’ਤੇ ਰੋਸ ਧਰਨਾ ਲਗਾ ਕੇ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਝੰਡਾ ਮਾਰਚ ਲਈ ਵੱਡੀ ਲਾਮਬੰਦੀ ਕਰਨ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ ਸੱਦਾ ਦਿੱਤਾ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਪੰਜਾਬ ਸਰਕਾਰ ਦੀ ਬਿਜਲੀ ਸੋਧ ਬਿੱਲ 2025 ਦੇ ਖਰੜੇ ਬਾਰੇ ਅਤੇ ਦੇਸ਼ ਵਿੱਚ ਧੱਕੇ ਨਾਲ ਲਾਗੂ ਕੀਤੇ ਮਜ਼ਦੂਰ, ਮੁਲਾਜ਼ਮ ਵਿਰੋਧੀ ਚਾਰ ਲੇਬਰ ਕੋਡਾਂ ਬਾਰੇ ਵੱਟੀ ਚੁੱਪ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਅਫਸੋਸ ਜ਼ਾਹਰ ਕਰਦਿਆਂ ਸਭਨਾਂ ਸੰਘਰਸ਼ਸ਼ੀਲ ਧਿਰਾਂ ਨੂੰ ਇਕਜੁੱਟ ਹੋ ਕੇ ਇਸ ਲੋਕ ਵਿਰੋਧੀ ਬਿਜਲੀ ਸੋਧ ਬਿੱਲ 2025 ਦੇ ਖਰੜੇ, ਚਾਰੇ ਲੇਬਰ ਕੋਡਾਂ ਅਤੇ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੇ ਖਿਲਾਫ਼ ਵੱਡੀ ਲਹਿਰ ਖੜੀ ਕਰਨ ਲਈ ਸਾਂਝੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ।
ਆਗੂਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਿਜਲੀ ਸੋਧ ਬਿੱਲ 2025 ਅੱਜ ਪਾਰਲੀਮੈਂਟ ਦੇ ਸਰਦ ਰੁੱਤ ਸਮਾਗਮ ਵਿੱਚ ਪੇਸ਼ ਕੀਤਾ ਤਾਂ ਕੱਲ੍ਹ ਨੂੰ ਪੰਜਾਬ ਦੀਆਂ ਮੁਲਾਜ਼ਮ, ਮਜ਼ਦੂਰ, ਪੈਨਸ਼ਨਰ, ਕਿਸਾਨ ਜਥੇਬੰਦੀਆਂ ਕਾਲਾ ਦਿਨ ਮਨਾਉਣ ਲਈ ਮੁਲਾਜ਼ਮ ਦਫਤਰਾਂ ਵਿੱਚ ਕਾਲੀਆਂ ਪੱਗਾਂ ਬੰਨ੍ਹ ਕੇ ਅਤੇ ਔਰਤ ਕਰਮਚਾਰਨਾਂ ਕਾਲੇ ਦੁਪੱਟੇ ਲੈ ਕੇ ਜਾਂ ਕਾਲੇ ਬਿੱਲੇ ਲਗਾ ਕੇ ਬਿਜਲੀ ਸੋਧ ਬਿੱਲ 2025 ਦੇ ਖਿਲਾਫ਼ ਗੇਟ ਰੈਲੀਆਂ ਕਰਕੇ ਜ਼ੋਰਦਾਰ ਢੰਗ ਨਾਲ ਅਵਾਜ਼ ਬੁਲੰਦ ਕਰਨਗੇ। ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ, ਗਰਵੇਲ ਸਿੰਘ ਬੱਲਪੁਰੀਆ, ਬਲਦੇਵ ਸਿੰਘ ਮੰਡਾਲੀ, ਰਾਧੇ ਸ਼ਿਆਮ, ਕੁਲਵਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਚਾਹਲ, ਸਰਿੰਦਰਪਾਲ ਲਹੌਰੀਆ, ਬਲਜੀਤ ਸਿੰਘ ਮੋਦਲਾ, ਰਵੇਲ ਸਿੰਘ ਸਹਾਏਪੁਰ, ਹਰਮਨਦੀਪ, ਦਵਿੰਦਰ ਸਿੰਘ ਪਿਸੋਰ, ਪੂਰਨ ਸਿੰਘ ਖਾਈ, ਗੁਰਵਿੰਦਰ ਸਿੰਘ ਹਜ਼ਾਰਾ, ਜਸਵੀਰ ਸਿੰਘ ਆਂਡਲੂ, ਜਰਨੈਲ ਸਿੰਘ, ਕਰਮਜੀਤ ਸਿੰਘ ਪਟਿਆਲਾ, ਕੌਰ ਸਿੰਘ ਸੋਹੀ, ਗੁਰਤੇਜ ਸਿੰਘ ਪੱਖੋ, ਦਰਸ਼ਨ ਸਿੰਘ ਰਜੀਆ, ਬਾਬਾ ਅਮਰਜੀਤ ਸਿੰਘ, ਗੁਰਪਿਆਰ ਸਿੰਘ, ਪਵਨਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਸਾਂਝੇ ਥੜੇ੍ਹ ਨਾਲ ਸੰਬੰਧਤ ਅਤੇ ਹੋਰ ਭਰਾਤਰੀ ਜਥੇਬੰਦੀਆਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਤਜਵੀਜ਼ਤ ਬਿਜਲੀ ਸੋਧ ਬਿੱਲ 2025 ਦਾ ਖਰੜਾ ਜੇਕਰ ਕਾਨੂੰਨ ਬਣ ਗਿਆ ਤਾਂ ਸਮੁੱਚੇ ਦੇਸ਼ ਦੇ ਪਾਵਰ ਸੈਕਟਰ ਨੂੰ ਪੂੰਜੀਪਤੀ ਹੜੱਪ ਜਾਣਗੇ, ਜਿਸ ਦਾ ਕਿਸਾਨ ਜਥੇਬੰਦੀਆਂ ਦੇ ਸਮਰਥਨ ਨਾਲ ਸਖਤ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸੋਧ ਬਿੱਲ, ਚਾਰੇ ਲੇਬਰ ਕੋਡ ਸਮੇਤ ਸਰਕਾਰੀ ਜਾਇਦਾਦਾਂ ਵੇਚਣ ਦੇ ਲੋਕ ਵਿਰੋਧੀ ਫੈਸਲੇ ਵਾਪਸ ਨਾ ਲਏ ਗਏ ਤਾਂ ਬਿਜਲੀ ਮੁਲਾਜ਼ਮ, ਕਿਸਾਨ, ਮਜ਼ਦੂਰ ਅਤੇ ਹੋਰ ਜਮਹੂਰੀ ਜਥੇਬੰਦੀਆਂ ਰਲ ਕੇ ਸੂਬਾ ਪੱਧਰ ’ਤੇ ਕੀਤੇ ਜਾਣ ਵਾਲੇ ਸੰਘਰਸ਼ਾਂ ਦੇ ਇਲਾਵਾ ਦੇਸ਼-ਵਿਆਪੀ ਸੰਘਰਸ਼ਾਂ ਵਿੱਚ ਵੀ ਵੱਡੇ ਪੱਧਰ ’ਤੇ ਸ਼ਾਮਲ ਹੋ ਕੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੜੇ ਜਾਣ ਵਾਲੇ ਸੰਘਰਸ਼ਾਂ ਨੂੰ ਪੂਰੀ ਮਜ਼ਬੂਤੀ ਨਾਲ ਲੜਨਗੇ।





