ਪਾਕਿਸਤਾਨੀ ਝੰਡੇ ਵਾਲੇ ਗੁਬਾਰੇ ਬੁਝਾਰਤ ਬਣੇ

0
35

ਸ਼ਿਮਲਾ : ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਹਫਤਿਆਂ ਦੌਰਾਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਲੋਗੋ ਅਤੇ ਪਾਕਿਸਤਾਨੀ ਝੰਡੇ ਵਾਲੇ ਹਵਾਈ ਜਹਾਜ਼ ਦੀ ਸ਼ਕਲ ਦੇ ਕਈ ਗੁਬਾਰੇ ਮਿਲਣ ਤੋਂ ਬਾਅਦ ਪੁਲਸ ਹਰਕਤ ਵਿੱਚ ਆ ਗਈ ਹੈ। ਪੁਲਸ ਨੇ ਇਨ੍ਹਾਂ ਗੁਬਾਰਿਆਂ ਦੇ ਸਰੋਤ ਦਾ ਪਤਾ ਲਗਾਉਣ ਲਈ ਪੰਜਾਬ ਅਤੇ ਰਾਜਸਥਾਨ ਦੀ ਪੁਲਸ ਨਾਲ ਸੰਪਰਕ ਕੀਤਾ ਹੈ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ। ਹੁਣ ਤੱਕ ਇਨ੍ਹਾਂ ਗੁਬਾਰਿਆਂ ਦੇ ਅੰਦਰੋਂ ਕੋਈ ਵੀ ਸ਼ੱਕੀ ਉਪਕਰਣ ਜਿਵੇਂ ਕਿ ਨਿਗਰਾਨੀ ਯੰਤਰ, ਟਰੈਕਰ ਜਾਂ ਕੋਈ ਖਤਰਨਾਕ ਸਮੱਗਰੀ ਬਰਾਮਦ ਨਹੀਂ ਹੋਈ ਹੈ। ਦੌਲਤਪੁਰ ਪੁਲਸ ਚੌਕੀ ਦੇ ਅਧੀਨ ਪੈਂਦੇ ਪਿੰਡ ਚਲੇਟ ਦੇ ਲੋਕ ਚਿੰਤਾ ਵਿੱਚ ਪੈ ਗਏ ਜਦੋਂ ਇੱਕ ਘਰ ਦੀ ਛੱਤ ’ਤੇ ਗੁਬਾਰਾ ਮਿਲਿਆ। 8 ਦਸੰਬਰ ਨੂੰ ਗਗਰੇਟ ਦੇ ਪਿੰਡ ਤਟੇਹੜਾ ਵਿੱਚ ਵੀ ਤਿੰਨ ਗੁਬਾਰੇ ਮਿਲੇ ਸਨ, ਜਿਨ੍ਹਾਂ ’ਤੇ ਪਾਕਿਸਤਾਨੀ ਝੰਡਾ ਅਤੇ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਸੀ। ਪਿਛਲੇ ਕੁਝ ਮਹੀਨਿਆਂ ਵਿੱਚ ਹਮੀਰਪੁਰ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਗੁਬਾਰੇ ਦੇਖੇ ਗਏ ਹਨ।