ਮਸਲਾ ਸੁਲਝਾਉਦਿਆਂ ਚੱਲ ਗਈਆਂ ਗੋਲੀਆਂ

0
44

ਅੰਮਿ੍ਰਤਸਰ : ਲੁਹਾਰਕਾ ਰੋਡ ’ਤੇ ਸਕੂਲੀ ਵਿਦਿਆਰਥੀਆਂ ਦਾ ਮਾਮੂਲੀ ਝਗੜਾ ਖੂਨੀ ਰੂਪ ਲੈ ਗਿਆ, ਜਦੋਂ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਕਰਵਾਉਣ ਪਹੁੰਚੇ ਲੋਕਾਂ ਵਿੱਚ ਤਕਰਾਰ ਹੋ ਗਈ। ਇਸ ਹਿੰਸਕ ਝੜਪ ਦੌਰਾਨ ਚੱਲੀ ਗੋਲੀ ਨਾਲ ਐਸ਼ਪ੍ਰੀਤ ਸਿੰਘ ਨਾਂਅ ਦਾ 11ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ। ਪੁਲਸ ਜਾਂਚ ਅਨੁਸਾਰ, ਇਹ ਵਿਵਾਦ ਬੀਤੇ ਦਿਨ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਸ਼ੁਰੂ ਹੋਇਆ ਸੀ। ਮਾਮਲੇ ਨੂੰ ਸੁਲਝਾਉਣ ਲਈ ਐਤਵਾਰ ਸ਼ਾਮ ਦੋਵੇਂ ਧਿਰਾਂ ਲੁਹਾਰਕਾ ਰੋਡ ’ਤੇ ਇਕੱਠੀਆਂ ਹੋਈਆਂ ਸਨ, ਪਰ ਗੱਲਬਾਤ ਦੌਰਾਨ ਮਾਹੌਲ ਵਿਗੜ ਗਿਆ ਅਤੇ ਗੋਲੀਬਾਰੀ ਸ਼ੁਰੂ ਹੋ ਗਈ। ਚਸ਼ਮਦੀਦਾਂ ਅਤੇ ਪੁਲਸ ਅਨੁਸਾਰ ਘਟਨਾ ਵਾਲੀ ਥਾਂ ’ਤੇ ਕਰੀਬ 5 ਤੋਂ 6 ਰੌਂਦ ਫਾਇਰ ਕੀਤੇ ਗਏ।
ਉਡਦੇ ਜਹਾਜ਼ ਦਾ ਇੰਜਣ ਬੰਦ, ਅਣਹੋਣੀ ਤੋਂ ਬਚਾਅ
ਨਵੀਂ ਦਿੱਲੀ : ਇੱਥੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਬੋਇੰਗ 777 ਜਹਾਜ਼ ਦਾ ਸੋਮਵਾਰ ਸਵੇਰੇ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਸੱਜਾ ਇੰਜਣ ਬੰਦ ਹੋ ਗਿਆ, ਜਿਸ ਕਾਰਨ ਜਹਾਜ਼ ਨੂੰ ਤੁਰੰਤ ਵਾਪਸ ਦਿੱਲੀ ਮੋੜਨਾ ਪਿਆ। ਜਹਾਜ਼ ਵਿੱਚ ਕਰੀਬ 335 ਯਾਤਰੀ ਸਵਾਰ ਸਨ। ਖੁਸ਼ਕਿਸਮਤੀ ਰਹੀ ਕਿ ਜਹਾਜ਼ ਸੁਰੱਖਿਅਤ ਲੈਂਡ ਕਰ ਗਿਆ। ਫਲਾਈਟ ਨੰਬਰ ਏ ਆਈ 887 ਨੇ ਸਵੇਰੇ ਕਰੀਬ 6:30 ਵਜੇ ਦਿੱਲੀ ਤੋਂ ਉਡਾਣ ਭਰੀ ਸੀ। ਕੁਝ ਮਿੰਟਾਂ ਬਾਅਦ ਜਦੋਂ ਪਾਇਲਟ ਨੇ ਜਹਾਜ਼ ਦੇ ‘ਫਲੈਪਸ’ ਨੂੰ ਉੱਪਰ ਖਿੱਚਿਆ, ਤਾਂ ਸੱਜੇ ਇੰਜਣ (ਇੰਜਣ ਨੰਬਰ 2) ਵਿੱਚ ਤੇਲ ਦਾ ਦਬਾਅ ਘੱਟ ਹੋਣ ਦਾ ਸੰਕੇਤ ਮਿਲਿਆ। ਦੇਖਦੇ ਹੀ ਦੇਖਦੇ ਇਹ ਦਬਾਅ ਜ਼ੀਰੋ ’ਤੇ ਆ ਗਿਆ।
ਬੰਗਲਾਦੇਸ਼ ਦੇ ਇੱਕ ਹੋਰ ਵਿਦਿਆਰਥੀ ਆਗੂ ਦੇ ਸਿਰ ’ਚ ਗੋਲੀ ਮਾਰੀ
ਢਾਕਾ : ਬੰਗਲਾਦੇਸ਼ ਵਿੱਚ 2024 ਦੇ ਵਿਦਿਆਰਥੀ ਅੰਦੋਲਨ ਨਾਲ ਜੁੜੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਸਿਲਸਿਲੇ ਦੀ ਕੜੀ ਵਿੱਚ ਸੋਮਵਾਰ ਅਣਪਛਾਤੇ ਹਮਲਾਵਰਾਂ ਨੇ ਇੱਕ ਹੋਰ ਪ੍ਰਮੁੱਖ ਵਿਦਿਆਰਥੀ ਆਗੂ ਮੋਤਾਲੇਬ ਸ਼ਿਕਦਾਰ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਇਹ ਹਮਲਾ ਦੱਖਣ-ਪੱਛਮੀ ਸ਼ਹਿਰ ਖੁਲਨਾ ਵਿੱਚ ਹੋਇਆ। ਕੁਝ ਦਿਨ ਪਹਿਲਾਂ ਨੌਜਵਾਨ ਆਗੂ ਸ਼ਰੀਫ਼ ਉਸਮਾਨ ਹਾਦੀ ਦਾ ਵੀ ਇਸੇ ਤਰ੍ਹਾਂ ਕਤਲ ਕਰ ਦਿੱਤਾ ਗਿਆ ਸੀ।
ਨੈਸ਼ਨਲ ਸਿਟੀਜ਼ਨ ਪਾਰਟੀ (ਐੱਨ ਸੀ ਪੀ) ਦੀ ਕੇਂਦਰੀ ਤਾਲਮੇਲਕਾਰ ਮਹਿਮੂਦਾ ਮਿਤੂ ਨੇ ਦੱਸਿਆ ਕਿ ਸ਼ਿਕਦਾਰ ਨੂੰ ਗੰਭੀਰ ਹਾਲਤ ਵਿੱਚ ਖੁਲਨਾ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ।