ਨਹੀਂ ਰਹੇ ਉਸਤਾਦ

0
45

ਜਲੰਧਰ : ਉਸਤਾਦ ਪੂਰਨ ਸ਼ਾਹਕੋਟੀ (72) ਦਾ ਸੰਖੇਪ ਬਿਮਾਰੀ ਉਪਰੰਤ ਸੋਮਵਾਰ ਦੇਹਾਂਤ ਹੋ ਗਿਆ। ਉਹ ਮਾਸਟਰ ਸਲੀਮ ਦੇ ਪਿਤਾ ਸਨ। ਉਨ੍ਹਾ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਵੱਡਾ ਆਦਰ-ਮਾਣ ਹਾਸਲ ਸੀ। ਉਨ੍ਹਾ ਮਾਸਟਰ ਸਲੀਮ, ਹੰਸ ਰਾਜ ਹੰਸ, ਸਾਬਰਕੋਟੀ ਤੇ ਜਸਬੀਰ ਜੱਸੀ ਵਰਗੇ ਕਈ ਮਸ਼ਹੂਰ ਗਾਇਕਾਂ ਨੂੰ ਤਰਾਸ਼ ਕੇ ਪੰਜਾਬੀ ਸੰਗੀਤ ਨੂੰ ਨਵੀਂ ਪਛਾਣ ਦਿੱਤੀ। ਉਨ੍ਹਾ ਦੀ ਸਾਦਗੀ, ਰਿਆਜ਼ ਅਤੇ ਸੰਗੀਤ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਸਿਰਫ ਇੱਕ ਗਾਇਕ ਜਾਂ ਸੰਗੀਤਕਾਰ ਹੀ ਨਹੀਂ ਸਨ, ਪੰਜਾਬੀ ਵਿਰਸੇ ਦਾ ਸਿਤਾਰਾ ਸਨ, ਜਿਨ੍ਹਾਂ ਨੇ ਆਖਰੀ ਸਾਹ ਤੱਕ ਸੰਗੀਤ ਦੀ ਮਸ਼ਾਲ ਜਗਾਈ ਰੱਖੀ। ਆਪਣੇ ਦਾਦਾ ਤੇ ਪਿਤਾ ਦੀਆਂ ਪੈੜਾਂ ’ਤੇ ਚੱਲਦਿਆਂ ਉਨ੍ਹਾ ਨੇ ਮਹਿਜ਼ 5 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਗੀਤ ‘ਲੈਲੋ ਜੀ ਭੰਭੀਰੀਆਂ’ ਗਾ ਕੇ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਇੱਕ ਮਹਾਨ ਫ਼ਨਕਾਰ ਦਾ ਜਨਮ ਹੋ ਚੁੱਕਾ ਹੈ। ਪਟਿਆਲਾ ਘਰਾਣੇ ਦੇ ਮਰਹੂਮ ਉਸਤਾਦ ਬਾਕਰ ਹੁਸੈਨ ਖਾਨ ਸਾਹਿਬ ਤੋਂ ਤਾਲੀਮ ਹਾਸਲ ਕਰਕੇ ਉਨ੍ਹਾ ਨੇ ਸੰਗੀਤਕ ਸਾਜ਼ਾਂ ਅਤੇ ਸੁਰਾਂ ਵਿੱਚ ਉਹ ਮੁਹਾਰਤ ਹਾਸਲ ਕੀਤੀ, ਜੋ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ।